ਦਿੱਲੀ ਪੁਲਿਸ ਨੇ ਆਸਟਰੇਲੀਅਨ ਔਰਤ ਦੇ ਕਤਲ ਦੇ ਮਾਮਲੇ ਵਿੱਚ ਰਾਜਵਿੰਦਰ ਸਿੰਘ ਨਾਮੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। 2018 ਵਿੱਚ, ਰਾਜਵਿੰਦਰ ਨੇ ਕੁਈਨਜ਼ਲੈਂਡ, ਆਸਟਰੇਲੀਆ ਵਿੱਚ ਇੱਕ ਔਰਤ ਦਾ ਕਤਲ ਕੀਤਾ ਸੀ। ਇਸ ਤੋਂ ਬਾਅਦ ਉਹ ਭਾਰਤ ਭੱਜ ਗਿਆ ਸੀ। ਉਸਨੇ ਇਨਿਸਫੈਲ ਵਿੱਚ ਇੱਕ ਨਰਸ ਵਜੋਂ ਕੰਮ ਕੀਤਾ। ਪੰਜਾਬ ਦੇ ਬੁਟਾਰੀ ਕਲਾਂ ਦਾ ਰਹਿਣ ਵਾਲਾ 38 ਸਾਲਾ ਰਾਜਵਿੰਦਰ ਕਤਲ ਤੋਂ ਬਾਅਦ ਆਸਟਰੇਲੀਆ ਤੋਂ ਫਰਾਰ ਹੋ ਗਿਆ ਸੀ । ਉਹ ਅਜਿਹਾ ਕਰਦਿਆਂ ਆਪਣੀ ਪਤਨੀ ਤੇ ਬੱਚੇ ਵੀ ਪਿੱਛੇ ਛੱਡ ਗਿਆ ਸੀ। ਆਸਟਰੇਲੀਆ ਪੁਲਿਸ ਨੇ ਉਸਦੀ ਸੂਹ ਦੇਣ ਵਾਲੇ ਲਈ 1 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਸੀ।

ਰਾਜਵਿੰਦਰ ਨੇ ਟੋਆਹ ਕੋਰਡਿੰਗਲੇ ਨਾਂ ਦੀ ਔਰਤ ਦਾ ਕਤਲ ਕੀਤਾ ਸੀ। ਕਤਲ ਤੋਂ ਦੋ ਦਿਨ ਬਾਅਦ ਉਹ ਆਪਣੀ ਪਤਨੀ-ਬੱਚਿਆਂ ਅਤੇ ਨੌਕਰੀ ਛੱਡ ਕੇ ਭੱਜ ਗਿਆ ਸੀ। ਰਿਪੋਰਟਾਂ ਦੇ ਅਨੁਸਾਰ, ਅਕਤੂਬਰ 2018 ਵਿੱਚ, 24 ਸਾਲਾ ਟੋਆਹ ਕੋਰਡਿੰਗਲੇ ਆਪਣੇ ਕੁੱਤੇ ਨਾਲ ਆਸਟਰੇਲੀਆ ਦੇ ਕੇਰਨਜ਼ ਤੋਂ 40 ਕਿਲੋਮੀਟਰ ਉੱਤਰ ਵਿੱਚ ਵੈਂਗੇਟੀ ਬੀਚ ‘ਤੇ ਸੈਰ ਕਰਨ ਗਈ ਸੀ। ਉਦੋਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ।

ਕੁਈਨਜ਼ਲੈਂਡ ਪੁਲਿਸ ਨੇ ਪਿਛਲੇ ਮਹੀਨੇ ਰਾਜਵਿੰਦਰ ਬਾਰੇ ਦੱਸਣ ਵਾਲੇ ਕਿਸੇ ਵੀ ਵਿਅਕਤੀ ਨੂੰ 1 ਮਿਲੀਅਨ ਡਾਲਰ ਦੀ ਪੇਸ਼ਕਸ਼ ਕੀਤੀ ਸੀ। ਇਹ ਕੁਈਨਜ਼ਲੈਂਡ ਪੁਲਿਸ ਦੁਆਰਾ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਹੈ। ਇੱਕ ਪੁਲਿਸ ਅਧਿਕਾਰੀ ਨੇ ਕਿਹਾ- ਸਾਨੂੰ ਪਤਾ ਹੈ ਕਿ ਰਾਜਵਿੰਦਰ ਟੋਆਹ ਦੇ ਕਤਲ ਤੋਂ ਬਾਅਦ 22 ਅਕਤੂਬਰ 2018 ਨੂੰ ਕੇਰਨਸ ਤੋਂ ਭੱਜ ਗਿਆ ਸੀ। 23 ਅਕਤੂਬਰ ਨੂੰ ਉਹ ਸਿਡਨੀ ਤੋਂ ਭਾਰਤ ਲਈ ਉਡਾਣ ਭਰ ਗਿਆ ਸੀ।












