ਨਵੀਂ ਦਿੱਲੀ, 12 ਮਈ : – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਅਹੁਦੇ ਦੀ ਚੋਣਾਂ ਦੇ ਦੌਰਾਨ ਹੋਈਆਂ ਭਾਰੀ ਗੜਬੜੀਆਂ ਨੂੰ ਉਜਾਗਰ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਹਰਵਿੰਦਰ ਸਿੰਘ ਸਰਨਾ ਵੱਲੋਂ ਸਾਂਝੇ ਤੌਰ ‘ਤੇ ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈ ਕੋਰਟ ਨੇ ਸਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਪਟੀਸ਼ਨ ਬਾਰੇ ਆਪਣਾ ਪੱਖ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਡਾਇਰੈਕਟਰ ਦੁਆਰਾ ਕਰਵਾਈਆਂ ਗਈਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਾਰਜਕਾਰਣੀ ਚੋਣਾਂ ‘ਚ ਨਿਯਮਾਂ ਦੀ ਭਾਰੀ ਅਣਦੇਖੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਬਗੈਰ ਅਧਿਕਾਰੀਆਂ ਅਤੇ ਪੁਲਿਸ ਦੀ ਮਿਲੀਭੁਗਤ ਤੋਂ ਸੰਭਵ ਹੀ ਨਹੀਂ। ਸਰਨਾ ਨੇ ਕਿਹਾ ਕਿ ਇਹ ਸਭ ਇਕ ਅਜਿਹੇ ਆਗੂ ਨੂੰ ਬਚਾਉਣ ਦੇ ਲਈ ਕੀਤਾ ਗਿਆ ਜੋ ਪਹਿਲਾਂ ਚੋਣ ਹਾਰਿਆਂ,ਬਾਅਦ ਵਿਚ ਉਸ ਦੇ ਦੁਆਰਾ ਕੀਤੀ ਗਈ ਨਾਮਜ਼ਦ ਪ੍ਰਕਿਰਿਆ ‘ਚ ਵੀ ਨਾਕਾਮ ਹੋਇਆ। ਇਹੀ ਨਹੀਂ,ਉਹ ਵਿਅਕਤੀ ਗੁਰੂ ਦੀ ਗੋਲਕ ਤੋਂ ਗਬਨ ਦੇ ਨਾਲ ਨਾਲ ਕਈ ਅਪਰਾਧਿਕ ਮਾਮਲਿਆਂ ‘ਚ ਵੀ ਅਦਾਲਤ ਦੇ ਗੇੜੇ ਕਟ ਰਿਹਾ ਹੈ।
ਸਰਨਾ ਨੇ ਦੱਸਿਆ ਕਿ ਦਿੱਲੀ ਹਾਈ ਕੋਰਟ ਨੇ ਸਾਡੇ ਦੁਆਰਾ ਦਾਇਰ ਪਟੀਸ਼ਨ ਨੂੰ ਵੈਣ ਮੰਨਿਆ ਹੈ। ਕੋਰਟ ਦੀ ਬੈਂਚ ਨੇ ਇਹ ਪਾਇਆ ਕਿ ਪਟੀਸ਼ਨ ਵੈਧ ਆਧਾਰ ‘ਤੇ ਦਾਇਰ ਕੀਤੀ ਗਈ ਹੈ।ਪਹਿਲੀ ਨਜ਼ਰ ‘ਚ ਇਸ ਪਟੀਸ਼ਨ ਨੂੰ ਸਵੀਕਾਰ ਕਰਕੇ ਇਸ ‘ਤੇ ਸੁਣਵਾਈ ਕੀਤੀ ਜਾ ਸਕਦੀ ਹੈ। ਉਸੀ ਦੇ ਆਧਾਰ ‘ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੁਆਰਾ ਦਾਇਰ ਪਟੀਸ਼ਨ ‘ਤੇ ਸਾਰੀਆਂ ਸਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਦਿੱਲੀ ਹਾਈ ਕੋਰਟ ਦੀ ਬੈਂਚ ਨੇ ਇਹ ਵੀ ਪਾਇਆ ਕਿ ਹਰਵਿੰਦਰ ਸਿੰਘ ਸਰਨਾ ਖੁੱਦ ਕਾਰਜਕਾਰਣੀ ਚੋਣ ‘ਚ ਉਮੀਦਵਾਰ ਨਹੀਂ ਸਨ,ਅਜਿਹੇ ‘ਚ ਤਕਨੀਕੀ ਰੂਪ ‘ਚ ਉਨ੍ਹਾਂ ਨੂੰ ਪਟੀਸ਼ਨ ਨਿੱਜੀ ਤੌਰ ‘ਤੇ ਨਹੀਂ ਦਾਇਰ ਕਰਨੀ ਚਾਹੀਦੀ। ਸਾਰੇ ਪੱਖਾਂ ਨੂੰ ਵੇਖਦੇ ਹੋਏ ਅਦਾਲਤ ਨੇ ਹਰਵਿੰਦਰ ਸਿੰਘ ਸਰਨਾ ਨੂੰ ਆਪਣੀ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦਿੱਤੀ ਹੈ।
ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸਾਡੇ ਦੁਆਰਾ ਦਾਇਰ ਕੀਤੀ ਗਈ ਪਟੀਸ਼ਨ ਦਾ ਮੁੱਖ ਮਕਸਦ ਦਿੱਲੀ ਦੀ ਸੰਗਤਾਂ ਸਹਿਤ ਪੂਰੀ ਦੁਨੀਆਂ ਦੀਆਂ ਸੰਗਤਾਂ ਨੂੰ ਸੱਚ ਤੋਂ ਜਾਣੂ ਕਰਵਾਉਂਣਾ ਹੈ। ਇਸ ਦੇ ਨਾਲ ਹੀ ਗੋਲਕ-ਚੋਰ ਅਤੇ ਉਸ ਦੇ ਸਹਿਯੋਗੀਆਂ ਦੁਆਰਾ ਫੈਲਾਏ ਗਏ ਝੂਠ ਅਤੇ ਗੁਮਰਾਹਕੁੰਨ ਪ੍ਰਚਾਰ ਦੀ ਝੂਠੀ ਕਹਾਣੀ ਨੂੰ ਸਾਰਿਆਂ ਦੇ ਸਾਹਮਣੇ ਲਿਆ ਕੇ ਗਲਤ ਮਨਸੂਬਿਆਂ ਨੂੰ ਖਤਮ ਕਰਨਾ ਹੈ।












