ਸੰਗਰੂਰ, 27 ਜਨਵਰੀ, 2022: ਵਿਧਾਨ ਸਭਾ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਇਆ ਗਿਆ। ਇਸ ਮੌਕੇ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਦੇ ਤੌਰ ‘ਤੇ ਹਲਕੇ ‘ਚ ਪਿਛਲੇ 5 ਸਾਲ ਸੇਵਾ ਕਾਰਜ ਕੀਤੇ ਹਨ, ਜਿਨ੍ਹਾਂ ਦੇ ਆਧਾਰ ‘ਤੇ ਹੀ ਮੁੜ ਲੋਕਾਂ ਦੀ ਕਚਹਿਰੀ ਵਿੱਚ ਆਇਆਂ ਹਾਂ।

ਸਿੰਗਲਾ ਨੇ ਕਿਹਾ ਕਿ ਉਨ੍ਹਾਂ ਸਿਹਤ ਸਹੂਲਤਾਂ ਸਬੰਧੀ ਸਰਕਾਰੀ ਹਸਪਤਾਲ ‘ਚ ਨਵੀਆਂ ਮਸ਼ੀਨਾਂ ਤੇ ਬਿਲਡਿੰਗ ਦੇ ਨਵੀਨੀਕਰਨ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਅੰਡਰਬ੍ਰਿਜ ਪਾਸ ਕਰਵਾਇਆ। ਇਹ ਕੰਮ ਮੇਰੀ ਕਾਰਗੁਜ਼ਾਰੀ ‘ਤੇ ਮੋਹਰ ਲਾਉਂਦੇ ਹਨ ਅਤੇ ਇਨ੍ਹਾਂ ਦੇ ਆਧਾਰ ‘ਤੇ ਮੈਂ ਲੋਕਾਂ ਸਾਹਮਣੇ ਦੁਬਾਰਾ ਆਇਆਂ ਹਾਂ ਤੇ ਮੈਨੂੰ ਲੋਕਾਂ ਵੱਲੋਂ ਮਿਲ ਰਹੇ ਵੱਡੇ ਹੁੰਗਾਰੇ ਤੋਂ ਭਰਪੂਰ ਆਸ ਹੈ ਕਿ ਹਲਕਾ ਸੰਗਰੂਰ ਦੇ ਲੋਕ ਮੈਨੂੰ ਮੁੜ ਤੋਂ ਆਪਣਾ ਨੁਮਾਇੰਦਾ ਚੁਣਨਗੇ। ਮੈਂ ਇਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਹਲਕੇ ਦੇ ਲੋਕਾਂ ਦੀਆਂ ਰਹਿੰਦੀਆਂ ਮੁਸ਼ਕਿਲਾਂ ਦਾ ਹੱਲ ਕਰਾਂਗਾ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਦੀਪਾ ਸਿੰਗਲਾ ਅਤੇ ਪੁੱਤਰ ਮੋਹਿਲ ਸਿੰਗਲਾ ਵੀ ਮੌਜੂਦ ਸਨ।












