ਕੈਨੇਡਾ ਦੇ ਰੱਖਿਆ ਮੰਤਰੀ, ਸੈਨਾ ਅਤੇ ਪੁਲੀਸ ਨੂੰ ਪਿਛਲੇ ਸਾਲ ਕਥਿਤ ਤੌਰ ‘ਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਭੇਜੇ ਗਏ ਇੱਕ ਪੱਤਰ ਦੀ ਕਾਪੀ
ਵੱਡੇ ਪੱਧਰ ’ਤੇ ਵਾਇਰਲ ਹੋ ਗਈ ਹੈ। ਪੱਤਰ ਵਿੱਚ “ਭਾਰਤ ਵੱਲੋਂ ਲਾਰੈਂਸ ਗੈਂਗ” ਨੇ ਦਾਅਵਾ ਕੀਤਾ ਕਿ ਗੈਂਗ ਦੇ ਕੈਨੇਡਾ ਵਿੱਚ 5,000 ਮੈਂਬਰ ਅਤੇ ਪੁਲੀਸ ਨਾਲੋਂ “ਵੱਧ ਬੰਦੂਕਾਂ” ਹਨ।
ਲਿਖਤੀ ਗਲਤੀਆਂ ਨਾਲ ਲਿਖੇ ਅਤੇ ਵਿਰਾਮ ਚਿੰਨ੍ਹਾਂ ਦੀ ਘਾਟ ਵਾਲੇ ਇਸ ਪੱਤਰ ਵਿੱਚ ਚਿਤਾਵਨੀ ਦਿੱਤੀ ਗਈ: “ਅਸੀਂ ਤੁਹਾਨੂੰ ਲਿਖਤੀ ਚਿਤਾਵਨੀ ਅਤੇ ਚੁਣੌਤੀ ਦੇ ਰਹੇ ਹਾਂ… ਅਸੀਂ ਹੁਣ ਕੈਨੇਡਾ ਵਿੱਚ ਰਾਜ ਕਰਾਂਗੇ ਕੋਈ ਵੀ ਸਾਨੂੰ ਰੋਕ ਨਹੀਂ ਸਕਦਾ ਅਸੀਂ ਬਹੁਤ ਸ਼ਕਤੀਸ਼ਾਲੀ ਹਾਂ।”
ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਕਥਿਤ ਤੌਰ ‘ਤੇ ਜਾਰੀ ਕੀਤਾ ਗਿਆ ਪੱਤਰ 2025 ਵਿੱਚ ਐਬਟਸਫੋਰਡ ਪੁਲੀਸ ਵਿਭਾਗ ਨੂੰ ਸੰਬੋਧਿਤ ਕੀਤਾ ਗਿਆ ਸੀ।
ਇਹ ਖੁਲਾਸਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਵੱਲੋਂ ਸੰਗਠਿਤ ਅਪਰਾਧ ਅਤੇ ਜਬਰਨ ਵਸੂਲੀ ਨਾਲ ਸਬੰਧਤ ਹਿੰਸਾ ਦੇ ਸਬੰਧਾਂ ਵਿੱਚ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੁਰੱਖਿਆ ਐਪਲੀਕੇਸ਼ਨ ਤਹਿਤ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ ਬਾਜਵਾ ਅਤੇ ਸਾਹਿਬਜੋਤ ਸਿੰਘ ਨੂੰ ਡਿਪੋਰਟ ਕਰਨ ਤੋਂ ਦੋ ਦਿਨ ਬਾਅਦ ਸਾਹਮਣੇ ਆਇਆ ਹੈ।
ਇਸ ਤੋਂ ਇਲਾਵਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਕਰਮਵੀਰ ਸਿੰਘ ਉਰਫ ਕਰਮਵੀਰ ਦਿਓ ਨੂੰ ਵੀ ਇੱਕ ਸਾਵਧਾਨੀ ਨਾਲ ਯੋਜਨਾਬੱਧ ਆਪਰੇਸ਼ਨ ਤੋਂ ਬਾਅਦ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ।
ਹਰੇਕ ਕੇਸ ਵਿੱਚ ਬਿਸ਼ਨੋਈ ਨੈੱਟਵਰਕ ਨਾਲ ਜੁੜੇ ਅਪਰਾਧ ਸ਼ਾਮਲ ਸਨ। ਸਥਾਨਕ ਮੀਡੀਆ ਦੇ ਅਨੁਸਾਰ, ਇਹ ਪੱਤਰ ਜੁਲਾਈ ਵਿੱਚ ਡਿਪੋਰਟ ਕੀਤੇ ਗਏ ਇੱਕ ਬਿਸ਼ਨੋਈ ਸਾਥੀ ਲਈ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਬੋਰਡ ਦੀ ਸੁਣਵਾਈ ਵਿੱਚ ਪੇਸ਼ ਕੀਤੇ ਗਏ ਕਾਗਜ਼ਾਤ ਵਿੱਚੋਂ ਇੱਕ ਸੀ।
ਇੱਕ ਗੁਪਤ CBSA ਖੁਫੀਆ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਗੈਂਗ ਨੇ ਆਪਣੇ ਅੰਤਰਰਾਸ਼ਟਰੀ ਜਬਰਨ ਵਸੂਲੀ ਅਤੇ ਹਿੰਸਕ ਅਪਰਾਧ ਕਾਰਜਾਂ ਵਿੱਚ ਕਮਜ਼ੋਰ ਨੌਜਵਾਨਾਂ ਦੀ ਭਰਤੀ ਕਰਨ ਲਈ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਅਤੇ ਵਰਕ ਪਰਮਿਟ ਪ੍ਰੋਗਰਾਮਾਂ ਦਾ ਨੇਮਬੱਧ ਸ਼ੋਸ਼ਣ ਕੀਤਾ ਹੈ।
ਅਫਸਰਾਂ ’ਚ ਵੰਡੀ ਗਈ “ਦ ਬਿਸ਼ਨੋਈ ਗੈਂਗ: ਐਨ ਅਰਜਿੰਗ ਥ੍ਰੇਟ ਇਨ ਕੈਨੇਡਾ” ਗਾਈਡ
ਦਸੰਬਰ 2025 ਵਿੱਚ ਇਮੀਗ੍ਰੇਸ਼ਨ ਅਫਸਰਾਂ ਵਿੱਚ ਵੰਡੀ ਗਈ ਇੱਕ ਰਣਨੀਤਕ ਗਾਈਡ, ਜਿਸ ਦਾ ਸਿਰਲੇਖ “ਦ ਬਿਸ਼ਨੋਈ ਗੈਂਗ: ਐਨ ਅਰਜਿੰਗ ਥ੍ਰੇਟ ਇਨ ਕੈਨੇਡਾ” ਸੀ, ਨੇ ਦੱਖਣੀ ਏਸ਼ੀਆਈ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਸਮੂਹ ਦੀਆਂ ਵਧਦੀਆਂ ਗਤੀਵਿਧੀਆਂ ਬਾਰੇ ਚਿਤਾਵਨੀ ਦਿੱਤੀ।
ਖੁਫੀਆ ਮੁਲਾਂਕਣਾਂ ਨੇ 2016 ਅਤੇ 2024 ਦੇ ਵਿਚਕਾਰ ਭਾਰਤੀ ਵਿਦਿਆਰਥੀ ਪਰਮਿਟ ਧਾਰਕਾਂ ਨੂੰ ਸ਼ਾਮਲ ਕਰਨ ਵਾਲੇ ਅਪਰਾਧਾਂ ਵਿੱਚ ਭਾਰੀ ਵਾਧਾ ਦੇਖਿਆ। 2019 ਅਤੇ 2023 ਦੇ ਵਿਚਕਾਰ, ਅਧਿਐਨ ਪਰਮਿਟਾਂ ‘ਤੇ ਲਗਪਗ 4,000 ਭਾਰਤੀ ਨਾਗਰਿਕਾਂ ‘ਤੇ 17,929 ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 4,920 ਨੂੰ ਗੰਭੀਰ ਜਾਂ ਸੰਗਠਿਤ ਅਪਰਾਧ ਨਾਲ ਸਬੰਧਤ ਸ਼੍ਰੇਣੀਬੱਧ ਕੀਤਾ ਗਿਆ ਸੀ। ਸਿਰਫ਼ 2024 ਵਿੱਚ, ਕੈਨੇਡਾ ਵਿੱਚ ਸਟੱਡੀ ਵੀਜ਼ੇ ‘ਤੇ ਰਹਿ ਰਹੇ ਭਾਰਤੀ ਨਾਗਰਿਕਾਂ ਵਿਰੁੱਧ 13,040 ਤੋਂ ਵੱਧ ਦੋਸ਼ ਲਗਾਏ ਗਏ।।












