ਪੰਜਾਬ ਵਿੱਚ 21 ਦਸੰਬਰ ਨੂੰ ਹੋਣ ਵਾਲੀਆਂ ਪੰਜ ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ ਦੀਆਂ ਚੋਣਾਂ ਦਾ ਅੱਜ (ਵੀਰਵਾਰ) ਆਖਰੀ ਦਿਨ ਹੈ। ਚੋਣ ਕਮਿਸ਼ਨ ਵੱਲੋਂ 22 ਆਈਏਐਸ ਅਧਿਕਾਰੀਆਂ ਨੂੰ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਪੰਜ ਨੂੰ ਨਗਰ ਨਿਗਮਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਦੋਂਕਿ ਬਾਕੀ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਵੀ ਅਬਜ਼ਰਵਰ ਤਾਇਨਾਤ ਕੀਤਾ ਗਿਆ ਹੈ।
ਅੱਜ ਤੋਂ ਹੀ ਹਰ ਇੱਕ ਅਧਿਕਾਰੀ ਆਪਣੀ ਡਿਊਟੀ ਨਿਭਾਵੇਗਾ। ਕਮਿਸ਼ਨ ਵੱਲੋਂ ਉਨ੍ਹਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਅਧਿਕਾਰੀ ਸਾਰੇ ਜ਼ਿਲ੍ਹਿਆਂ ਵਿੱਚ ਅਮਨ-ਕਾਨੂੰਨ, ਚੋਣ ਸਬੰਧੀ ਸ਼ਿਕਾਇਤਾਂ ਅਤੇ ਚੋਣ ਜ਼ਾਬਤੇ ਸਬੰਧੀ ਆਪਣੀ ਭੂਮਿਕਾ ਨਿਭਾਉਣਗੇ।
ਨਾਮਜ਼ਦਗੀਆਂ ਭਰਨ ਲਈ ਸੰਗਰਾਮ
ਪੰਜਾਬ ਵਿੱਚ 9 ਦਸੰਬਰ ਤੋਂ ਨਾਮਜ਼ਦਗੀ ਪ੍ਰਕਿਰਿਆ ਚੱਲ ਰਹੀ ਹੈ ਪਰ ਹੁਣ ਤੱਕ ਪੰਜਾਬ ਭਰ ਵਿੱਚ 170 ਦੇ ਕਰੀਬ ਲੋਕ ਨਾਮਜ਼ਦਗੀ ਫਾਰਮ ਭਰ ਚੁੱਕੇ ਹਨ। ਅਜਿਹੇ ‘ਚ ਉਮੀਦ ਕੀਤੀ ਜਾ ਰਹੀ ਹੈ ਕਿ ਆਖਰੀ ਦਿਨ ਵੱਡੀ ਗਿਣਤੀ ‘ਚ ਲੋਕ ਨਾਮਜ਼ਦਗੀ ਦਾਖਲ ਕਰਨ ਲਈ ਜਾਣਗੇ। ਹਾਲਾਂਕਿ ਭਾਜਪਾ ਅਤੇ ਕਾਂਗਰਸ ਦਾ ਇਲਜ਼ਾਮ ਹੈ ਕਿ ਐਨਓਸੀ ਲੈਣ ਵਿੱਚ ਦਿੱਕਤ ਆ ਰਹੀ ਹੈ। ਅਧਿਕਾਰੀ ਆਪਣੇ ਦਫ਼ਤਰਾਂ ਵਿੱਚ ਨਹੀਂ ਬੈਠੇ ਹਨ। ਹਾਲਾਂਕਿ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਜੇਕਰ ਤੁਸੀਂ ਹਲਫਨਾਮਾ ਦਿਓਗੇ ਤਾਂ ਸਵੀਕਾਰ ਕੀਤਾ ਜਾਵੇਗਾ।