ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ‘ਚ ਤਾਪਮਾਨ ਵਧਣ ਨਾਲ ਠੰਡ ਤੋਂ ਕੁਝ ਰਾਹਤ ਮਿਲੀ ਹੈ। ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਸਮੇਤ ਪਹਾੜੀ ਰਾਜਾਂ ‘ਚ ਭਾਰੀ ਬਰਫਬਾਰੀ ਹੋ ਰਹੀ ਹੈ। ਦਿੱਲੀ ਵਿੱਚ ਧੁੰਦ ਕਾਰਨ 16 ਉਡਾਣਾਂ ਵਿੱਚ ਦੇਰੀ ਹੋਈ।
ਮੱਧ ਪ੍ਰਦੇਸ਼ ਦੇ ਕੁਝ ਸ਼ਹਿਰਾਂ ਨੂੰ ਛੱਡ ਕੇ ਜ਼ਿਆਦਾਤਰ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ 10 ਡਿਗਰੀ ਜਾਂ ਇਸ ਤੋਂ ਉੱਪਰ ਪਹੁੰਚ ਗਿਆ ਹੈ। 22 ਦਸੰਬਰ ਨੂੰ ਭੋਪਾਲ ਵਿੱਚ ਘੱਟੋ-ਘੱਟ ਤਾਪਮਾਨ 11.8 ਡਿਗਰੀ ਸੈਲਸੀਅਸ ਅਤੇ ਇੰਦੌਰ ਵਿੱਚ 13.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਅਗਲੇ ਤਿੰਨ ਦਿਨਾਂ ਤੱਕ ਅਜਿਹਾ ਹੀ ਮੌਸਮ ਰਹੇਗਾ।
ਰਾਜਸਥਾਨ ਵਿੱਚ ਅੱਜ ਉਮੀਦ ਮੁਤਾਬਕ ਮੀਂਹ ਪਿਆ। ਜੈਪੁਰ ਵਿੱਚ ਸਵੇਰ ਤੋਂ ਹੀ ਬੱਦਲਵਾਈ ਹੈ। ਕੁਝ ਥਾਵਾਂ ‘ਤੇ ਬਾਰਿਸ਼ ਵੀ ਹੋਈ। ਜੋਧਪੁਰ ‘ਚ ਸ਼ੁੱਕਰਵਾਰ ਨੂੰ ਬਾਰਿਸ਼ ਹੋਈ। ਮੌਸਮ ‘ਚ ਬਦਲਾਅ ਕਾਰਨ ਸ਼ੇਖਾਵਟੀ ‘ਚ ਘੱਟੋ-ਘੱਟ ਤਾਪਮਾਨ 8 ਡਿਗਰੀ ਵਧ ਗਿਆ। ਕੱਲ੍ਹ ਇੱਥੇ ਘੱਟੋ-ਘੱਟ ਤਾਪਮਾਨ 2.8 ਡਿਗਰੀ ਸੀ ਜੋ ਅੱਜ 11 ਡਿਗਰੀ ਤੱਕ ਪਹੁੰਚ ਗਿਆ।
ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਜਿਸਪਾ, ਲੋਸਰ, ਲਾਹੌਲ ਵੈਲੀ ਅਤੇ ਰੋਹਤਾਂਗ ਵਿੱਚ ਬੀਤੇ ਸ਼ੁੱਕਰਵਾਰ 22 ਦਸੰਬਰ ਨੂੰ ਦੋ ਤੋਂ ਤਿੰਨ ਇੰਚ ਬਰਫ਼ਬਾਰੀ ਹੋਈ। ਸ਼ਨੀਵਾਰ 23 ਦਸੰਬਰ ਨੂੰ ਵੀ 8 ਜ਼ਿਲਿਆਂ ‘ਚ ਬਰਫਬਾਰੀ ਦੀ ਸੰਭਾਵਨਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੈਲਾਨੀ ਪਹਾੜਾਂ ਵੱਲ ਜਾ ਰਹੇ ਹਨ।
23 ਦਸੰਬਰ ਸ਼ਨੀਵਾਰ ਸਵੇਰੇ ਦਿੱਲੀ ਦਾ ਘੱਟੋ-ਘੱਟ ਤਾਪਮਾਨ 9.6 ਡਿਗਰੀ ਸੀ। ਇੱਕ ਦਿਨ ਪਹਿਲਾਂ ਤਾਪਮਾਨ 6.1 ਡਿਗਰੀ ਸੀ। ਠੰਢ ਵਿੱਚ ਕਮੀ ਦੇ ਬਾਵਜੂਦ ਦਿੱਲੀ ਵਿੱਚ ਸੰਘਣੀ ਧੁੰਦ ਛਾਈ ਰਹੀ। ਧੁੰਦ ਕਾਰਨ ਦਿੱਲੀ ਤੋਂ ਆਉਣ-ਜਾਣ ਵਾਲੀਆਂ 11 ਅੰਤਰਰਾਸ਼ਟਰੀ ਅਤੇ 5 ਘਰੇਲੂ ਉਡਾਣਾਂ ਅੱਜ ਲੇਟ ਹੋਈਆਂ।
24 ਦਸੰਬਰ ਨੂੰ ਲੱਦਾਖ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਗਿਲਗਿਤ-ਬਾਲਟਿਸਤਾਨ ਅਤੇ ਮੁਜ਼ੱਫਰਾਬਾਦ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਉੱਤਰਾਖੰਡ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਤਾਮਿਲਨਾਡੂ, ਕੇਰਲ ਅਤੇ ਲਕਸ਼ਦੀਪ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਉੱਤਰੀ ਰਾਜਸਥਾਨ ਅਤੇ ਤ੍ਰਿਪੁਰਾ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ।











