1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਦਿੱਲੀ ਅਦਾਲਤ ਨੇ ਕਾਂਗਰਸ ਨੇਤਾ ਅਤੇ ਸਾਬਕਾ ਪਾਰਟੀ ਸਾਂਸਦ ਸੱਜਣ ਕੁਮਾਰ ਤੇ ਆਰੋਪ ਆਇਦ ਕੀਤੇ ਹਨ। ਇਸ ਕੇਸ ਵਿੱਚ ਸੱਜਣ ਕੁਮਾਰ ‘ਤੇ ਦੰਗਾ, ਕਤਲ ਅਤੇ ਡਕੈਤੀ ਦੇ ਆਰੋਪ ਤੈਅ ਕੀਤੇ ਗਏ ਹਨ। ਇਸ ਕੇਸ ਦੀ ਸੁਣਵਾਈ 16 ਦਸੰਬਰ ਨੂੰ ਹੋਵੇਗੀ। ਸੱਜਣ ਕੁਮਾਰ ਪਹਿਲਾ ਹੀ ਸਿੱਖ ਦੰਗਿਆਂ ਦੇ ਇੱਕ ਕੇਸ ਵਿੱਚ ਉਮਰਕੈਦ ਦੀ ਸਜਾ ਕੱਟ ਰਿਹਾ ਹੈ।
ਜਾਣਕਾਰੀ ਦੇ ਅਨੁਸਾਰ, ਸੱਜਣ ਕੁਮਾਰ ਦੇ ਵਿਰੁੱਧ ਦਿੱਲੀ ਦੇ ਰਾਜਨਗਰ ਵਿੱਚ ਦੋ ਸਿੱਖਾਂ ਸਰਦਾਰ ਜਸਵੰਤ ਸਿੰਘ ਅਤੇ ਸਰਦਾਰ ਤਰੁਨਦੀਪ ਸਿੰਘ ਦੀ ਹੱਤਿਆ ਕੇਸ ਦਰਜ ਹਨ। 1984 ਦੇ ਸਿੱਖ ਕਤਲੇਆਮ ਮਾਮਲਿਆਂ ਵਿਚ ਦਿੱਲੀ ਦੀ ਇਕ ਅਦਾਲਤ ਨੇ ਸਰਸਵਤੀ ਵਿਹਾਰ ਪੁਲਿਸ ਥਾਣੇ ਵਿਚ ਦਰਜ ਇਕ ਕੇਸ ਵਿਚ ਸੱਜਣ ਕੁਮਾਰ ਦੇ ਖਿਲਾਫ ਦੋਸ਼ ਆਇਦ ਕਰਨ ਦੇ ਹੁਕਮ ਦਿੱਤੇ ਹਨ । ਇਸ ਬਾਰੇ ਇਥੇ ਇਕ ਪ੍ਰੈਸ ਕਾਨਫਰੰਸ ਵਿਚ ਜਾਣਕਾਰੀ ਦਿੰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਵਿਸ਼ੇਸ਼ ਜੱਜ ਰੋਜ਼ ਅਵੈਨਿਊ ਕੋਰਟ ਸ੍ਰੀ ਐਮ ਕੇ ਨਾਗਪਾਲ ਦੀ ਅਦਾਲਤ ਨੇ ਸੱਜਣ ਕੁਮਾਰ ਦੇ ਖਿਲਾਫ ਧਾਰਾਵਾਂ 147, 148, 149, 302, 308, 326, 395, 397, 427, 436, 440 ਅਤੇ 201 ਆਈ ਪੀ ਸੀ ਤਹਿਤ ਐਫ ਆਈ ਆਰ ਨੰਬਰ 458/1991 ਪੁਲਿਸ ਥਾਣਾ ਸਰਸਵਤੀ ਵਿਹਾਰ ਵਿਚ ਸੱਜਣ ਕੁਮਾਰ ਦੇ ਖਿਲਾਫ ਦੋਸ਼ ਆਇਦ ਕਰਨ ਦੇ ਹੁਕਮ ਦਿੱਤੇ ਹਨ।