ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਵੀਰਵਾਰ ਨੂੰ ਦਿੱਲੀ ਹਵਾਈ ਅੱਡੇ ਤੋਂ ਥਰਮੋਕੋਲ ਦੀਆਂ ਗੇਂਦਾਂ ਵਿੱਚ ਲੁਕੋਈ ਗਈ 26.5 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ ਹੈ। ਇਹ ਕੋਕੀਨ ਕੋਰੀਅਰ ਰਾਹੀਂ ਸਪਲਾਈ ਕੀਤੀ ਜਾ ਰਹੀ ਸੀ।
ਖੁਫੀਆ ਜਾਣਕਾਰੀ ਦੇ ਆਧਾਰ ‘ਤੇ, ਡੀਆਰਆਈ ਦੀ ਦਿੱਲੀ ਜ਼ੋਨਲ ਯੂਨਿਟ ਨੇ ਕੋਰੀਅਰ ਦੀ ਖੇਪ ਨੂੰ ਰੋਕਿਆ। ਜਾਂਚ ਦੌਰਾਨ 1,922 ਗ੍ਰਾਮ ਕੋਕੀਨ ਬਰਾਮਦ ਹੋਈ।
ਡੀਆਰਆਈ ਨੇ ਕਿਹਾ ਕਿ ਇਹ ਖੇਪ ਬ੍ਰਾਜ਼ੀਲ ਦੇ ਸਾਓ ਪਾਓਲੋ ਤੋਂ ਦੋ ਡੱਬਿਆਂ ਵਿੱਚ ਪਹੁੰਚੀ ਸੀ ਅਤੇ ਦੱਸਿਆ ਗਿਆ ਸੀ ਕਿ ਪਾਰਸਲ ਵਿੱਚ ਸਜਾਵਟੀ ਚੀਜ਼ਾਂ ਸਨ।
ਡੀਆਰਆਈ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ, ਜਦੋਂ ਦੋਵੇਂ ਬਕਸੇ ਖੋਲ੍ਹੇ ਗਏ ਸਨ। ਉਨ੍ਹਾਂ ਵਿੱਚੋਂ ਦੋ ਕ੍ਰਿਸਟਲ ਕੱਚ ਦੇ ਸਜਾਵਟੀ ਕਟੋਰੇ ਨਿਕਲੇ। ਗਲਾਸ ਨਾਲ ਬਣੇ ਇਹ ਕਟੋਰੇ ਟੁੱਟੇ ਨਹੀਂ, ਇਸ ਲਈ ਇਨ੍ਹਾਂ ਨੂੰ ਥਰਮਾਕੋਲ ਨਾਲ ਰੱਖਿਆ ਗਿਆ ਸੀ।
ਜਾਂਚ ਕਰਨ ‘ਤੇ ਇਹ ਪਾਇਆ ਗਿਆ ਕਿ ਥਰਮੋਕੋਲ ਦੀਆਂ ਕੁਝ ਗੇਂਦਾਂ ਬਾਕੀਆਂ ਨਾਲੋਂ ਥੋੜੀਆਂ (1-2 ਗ੍ਰਾਮ) ਭਾਰੀਆਂ ਸਨ। ਜਦੋਂ ਕਰੀਬ 10,000 ਥਰਮੋਕੋਲ ਬਾਲਾਂ ਨੂੰ ਖੋਲ੍ਹਿਆ ਗਿਆ ਤਾਂ 972 ਗੇਂਦਾਂ ਵਿੱਚ ਚਿੱਟੇ ਪਾਊਡਰ ਦਾ ਪੋਲੀਥੀਨ ਮਿਲਿਆ। ਪਾਊਡਰ ਦੀ ਜਾਂਚ ਕਰਨ ‘ਤੇ ਇਹ ਕੋਕੀਨ ਨਿਕਲਿਆ।
ਡੀਆਰਆਈ ਨੇ ਕਿਹਾ, ਕੋਕੀਨ ਨੂੰ ਐਨਡੀਪੀਐਸ ਐਕਟ, 1985 ਦੇ ਤਹਿਤ ਜ਼ਬਤ ਕੀਤਾ ਗਿਆ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।












