ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ‘ਚ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਅਮਰੀਕੀ ਨੇਵੀ ਸੀਲ ਕਮਾਂਡੋ ਸਮੇਤ 6 ਵਿਦੇਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੀਐਨਐਨ ਮੁਤਾਬਕ ਵੈਨੇਜ਼ੁਏਲਾ ਦੇ ਗ੍ਰਹਿ ਮੰਤਰੀ ਡਿਓਸਦਾਡੋ ਕਾਬੇਲੋ ਨੇ ਦਾਅਵਾ ਕੀਤਾ ਹੈ ਕਿ ਇਹ ਸਾਜ਼ਿਸ਼ ਅਮਰੀਕੀ ਖ਼ੁਫ਼ੀਆ ਏਜੰਸੀ ਸੀਆਈਏ ਨੇ ਰਚੀ ਸੀ।
ਗਲਬਾਤ ਕਰਦਿਆਂ ਰਾਸ਼ਟਰਪਤੀ ਮਾਦੁਰੋ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਅਮਰੀਕੀ ਕਮਾਂਡੋਜ਼ ਤੋਂ ਇਲਾਵਾ ਦੋ ਹੋਰ ਅਮਰੀਕੀ ਨਾਗਰਿਕ, ਦੋ ਸਪੈਨਿਸ਼ ਅਤੇ ਚੈੱਕ ਗਣਰਾਜ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਨੇ 400 ਅਮਰੀਕੀ ਰਾਈਫਲਾਂ ਵੀ ਜ਼ਬਤ ਕੀਤੀਆਂ ਹਨ।
ਨਾਲ ਹੀ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਉਹ ਅਮਰੀਕੀ ਨਾਗਰਿਕਾਂ ਦੀ ਗ੍ਰਿਫਤਾਰੀ ਨਾਲ ਸਬੰਧਤ ਜ਼ਰੂਰੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਪੇਨ ਦੇ ਵਿਦੇਸ਼ ਮੰਤਰਾਲੇ ਨੇ ਵੈਨੇਜ਼ੁਏਲਾ ਤੋਂ ਗ੍ਰਿਫਤਾਰ ਕੀਤੇ ਗਏ ਨਾਗਰਿਕਾਂ ਨਾਲ ਜੁੜੀ ਜਾਣਕਾਰੀ ਵੀ ਮੰਗੀ ਹੈ।
ਦੱਸ ਦਈਏ ਕਿ ਵੈਨੇਜ਼ੁਏਲਾ ਨੇ ਇਹ ਇਲਜ਼ਾਮ ਉਦੋਂ ਲਾਇਆ ਹੈ ਜਦੋਂ ਦੇਸ਼ ਵਿੱਚ ਜੁਲਾਈ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਕਈ ਦੱਖਣੀ ਅਮਰੀਕੀ ਦੇਸ਼ਾਂ ਅਤੇ ਅਮਰੀਕਾ ਨੇ ਰੱਦ ਕਰ ਦਿੱਤਾ ਸੀ। ਵੈਨੇਜ਼ੁਏਲਾ ਦੇ ਵਿਰੋਧੀ ਧਿਰ ਨੇ ਵੀ ਮਾਦੁਰੋ ‘ਤੇ ਚੋਣਾਂ ‘ਚ ਧਾਂਦਲੀ ਦਾ ਦੋਸ਼ ਲਗਾਇਆ ਹੈ।
ਮਾਦੁਰੋ ਦੀ ਜਿੱਤ ਤੋਂ ਬਾਅਦ ਨਾਰਾਜ਼ ਲੋਕ ਸੜਕਾਂ ‘ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਦੇ ਬੈਨਰ ਪਾੜ ਦਿੱਤੇ ਸਨ। ਉਨ੍ਹਾਂ ਨੇ ਹਿਊਗੋ ਸ਼ਾਵੇਜ਼ ਦੇ ਕਈ ਬੁੱਤ ਢਾਹ ਦਿੱਤੇ ਸਨ, ਜੋ ਮਾਦੁਰੋ ਤੋਂ ਪਹਿਲਾਂ ਰਾਸ਼ਟਰਪਤੀ ਸਨ। ਮਾਦੁਰੋ ਪਿਛਲੇ 11 ਸਾਲਾਂ ਤੋਂ ਸੱਤਾ ਵਿੱਚ ਹਨ। ਹਾਲੀਆ ਚੋਣਾਂ ਵਿੱਚ ਜਿੱਤ ਤੋਂ ਬਾਅਦ ਮਾਦੁਰੋ ਹੁਣ 2025 ਤੋਂ 2030 ਤੱਕ ਸੱਤਾ ਵਿੱਚ ਰਹਿਣਗੇ।
ਲਗਭਗ 100 ਸਾਲ ਪਹਿਲਾਂ ਵੈਨੇਜ਼ੁਏਲਾ ਵਿੱਚ ਤੇਲ ਦੇ ਭੰਡਾਰਾਂ ਦੀ ਖੋਜ ਕੀਤੀ ਗਈ ਸੀ। ਤੇਲ ਦੀ ਖੋਜ ਤੋਂ ਸਿਰਫ਼ 20 ਸਾਲ ਬਾਅਦ, ਵੈਨੇਜ਼ੁਏਲਾ ਦੁਨੀਆ ਦੇ ਸਭ ਤੋਂ ਵੱਡੇ ਤੇਲ ਨਿਰਯਾਤਕਾਂ ਵਿੱਚੋਂ ਇੱਕ ਬਣ ਗਿਆ। ਇਸਨੂੰ ਲਾਤੀਨੀ ਅਮਰੀਕਾ ਦਾ ਸਾਊਦੀ ਅਰਬ ਕਿਹਾ ਜਾਣ ਲੱਗਾ।
1950 ਵਿੱਚ, ਵੈਨੇਜ਼ੁਏਲਾ ਦੁਨੀਆ ਦਾ ਚੌਥਾ ਸਭ ਤੋਂ ਅਮੀਰ ਦੇਸ਼ ਸੀ। ਪਰ ਅੱਜ ਇਸ ਦੇਸ਼ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਦੇਸ਼ ਦੀ 75 ਫੀਸਦੀ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਹੈ। ਬੀਬੀਸੀ ਮੁਤਾਬਕ ਪਿਛਲੇ 7 ਸਾਲਾਂ ਵਿੱਚ ਕਰੀਬ 75 ਲੱਖ ਲੋਕ ਦੇਸ਼ ਛੱਡ ਕੇ ਜਾ ਚੁੱਕੇ ਹਨ।
ਦਰਅਸਲ, ਵੈਨੇਜ਼ੁਏਲਾ ਲਗਭਗ ਪੂਰੀ ਤਰ੍ਹਾਂ ਤੇਲ ‘ਤੇ ਨਿਰਭਰ ਸੀ। ਤੇਲ ਦੀਆਂ ਕੀਮਤਾਂ 80 ਦੇ ਦਹਾਕੇ ਵਿੱਚ ਡਿੱਗਣੀਆਂ ਸ਼ੁਰੂ ਹੋਈਆਂ। ਕੀਮਤਾਂ ਵਿੱਚ ਗਿਰਾਵਟ ਨੇ ਵੈਨੇਜ਼ੁਏਲਾ ਦੀ ਆਰਥਿਕਤਾ ਨੂੰ ਵੀ ਹੇਠਾਂ ਲਿਆਂਦਾ ਹੈ। ਸਰਕਾਰੀ ਨੀਤੀਆਂ ਕਾਰਨ ਵੈਨੇਜ਼ੁਏਲਾ ਆਪਣਾ ਕਰਜ਼ਾ ਮੋੜਨ ਵਿੱਚ ਨਾਕਾਮ ਰਹਿਣ ਲੱਗਾ।
ਜੇ ਬਾਅਦ ਵਿਚ ਤੇਲ ਦੀਆਂ ਕੀਮਤਾਂ ਵਧੀਆਂ ਤਾਂ ਵੀ ਉਹ ਇਸ ਦਾ ਫਾਇਦਾ ਨਹੀਂ ਉਠਾ ਸਕਿਆ। 2015 ਵਿੱਚ ਅਮਰੀਕੀ ਪਾਬੰਦੀਆਂ ਕਾਰਨ ਵੈਨੇਜ਼ੁਏਲਾ ਦੀ ਹਾਲਤ ਵਿਗੜ ਗਈ ਹੈ