ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਨੂੰ ਬੀਤੇ ਬੁੱਧਵਾਰ ਨੂੰ ਤੋਸ਼ਾਖਾਨਾ ਨਾਲ ਜੁੜੇ ਇੱਕ ਮਾਮਲੇ ਵਿੱਚ 14 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪਾਕਿਸਤਾਨੀ ਮੀਡੀਆ ਏਰੀ ਨਿਊਜ਼ ਮੁਤਾਬਕ ਸਜ਼ਾ ਸੁਣਾਏ ਜਾਣ ਤੋਂ ਬਾਅਦ ਬੁਸ਼ਰਾ ਨੇ ਪਾਕਿਸਤਾਨ ਦੇ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ.ਏ.ਬੀ.) ਅੱਗੇ ਆਤਮ ਸਮਰਪਣ ਕਰ ਦਿੱਤਾ ਹੈ।
ਇਸ ਤੋਂ ਬਾਅਦ ਇਸਲਾਮਾਬਾਦ ‘ਚ ਇਮਰਾਨ ਖਾਨ ਦੇ ਘਰ ਬਨੀ ਗਾਲਾ ਨੂੰ ਸਬ-ਜੇਲ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਇਸਲਾਮਾਬਾਦ ਦੇ ਚੀਫ਼ ਕਮਿਸ਼ਨਰ ਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ।
ਬੁਸ਼ਰਾ ਬੀਬੀ ਅਗਲੇ ਹੁਕਮਾਂ ਤੱਕ ਬਨੀ ਗਾਲਾ ਜੇਲ੍ਹ ਵਿੱਚ ਨਜ਼ਰਬੰਦ ਰਹੇਗੀ। ਇਮਰਾਨ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜੇਲ੍ਹ ਕਰਮਚਾਰੀ ਵੀ ਬਨੀ ਗਾਲਾ ਦੇ ਅੰਦਰ ਮੌਜੂਦ ਹਨ। ਦਿ ਐਕਸਪ੍ਰੈਸ ਟ੍ਰਿਬਿਊਨ ਮੁਤਾਬਕ ਫੈਸਲੇ ਤੋਂ ਬਾਅਦ ਅਦਿਆਲਾ ਜੇਲ੍ਹ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।
ਜੇਲ੍ਹ ਦੇ ਆਲੇ-ਦੁਆਲੇ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਇਮਰਾਨ ਇਸ ਜੇਲ੍ਹ ਵਿੱਚ ਬੰਦ ਹੈ। ਪਿਛਲੇ 3 ਦਿਨਾਂ ਤੋਂ ਪਾਕਿਸਤਾਨ ਪੁਲਿਸ ਨੂੰ ਜੇਲ੍ਹ ‘ਤੇ ਹਮਲੇ ਦੀਆਂ ਧਮਕੀਆਂ ਮਿਲ ਰਹੀਆਂ ਸਨ। ਇਹ ਧਮਕੀ ਵੀ ਅਦਿਆਲਾ ਜੇਲ੍ਹ ਦੇ ਸਰਕਾਰੀ ਨੰਬਰ ‘ਤੇ ਕਾਲ ਕਰਕੇ ਦਿੱਤੀ ਗਈ ਸੀ। ਇਸ ਤੋਂ ਬਾਅਦ ਹੀ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ।
ਬੁੱਧਵਾਰ ਨੂੰ ਇਮਰਾਨ ਅਤੇ ਉਸ ਦੀ ਪਤਨੀ ਨੂੰ ਤੋਸ਼ਾਖਾਨਾ ਨਾਲ ਜੁੜੇ ਮਾਮਲੇ ‘ਚ ਸਜ਼ਾ ਸੁਣਾਈ ਗਈ ਸੀ। ਫੈਸਲੇ ਦੇ ਤਹਿਤ ਖਾਨ ਅਗਲੇ 10 ਸਾਲਾਂ ਤੱਕ ਕੋਈ ਸਰਕਾਰੀ ਅਹੁਦਾ ਨਹੀਂ ਸੰਭਾਲ ਸਕਦੇ ਹਨ।
ਇਸ ਤੋਂ ਇਲਾਵਾ ਦੋਵਾਂ ‘ਤੇ ਕਰੀਬ 23.37 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। NAB ਨੇ ਪਿਛਲੇ ਮਹੀਨੇ ਦੋਸ਼ ਲਗਾਇਆ ਸੀ ਕਿ ਖਾਨ ਅਤੇ ਬੁਸ਼ਰਾ ਬੀਬੀ ਨੇ ਸਾਊਦੀ ਕਰਾਊਨ ਪ੍ਰਿੰਸ ਤੋਂ ਤੋਹਫੇ ਵਜੋਂ ਮਿਲੇ ਗਹਿਣਿਆਂ ਦਾ ਸੈੱਟ ਵੇਚ ਦਿੱਤਾ ਸੀ।











