ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਇਕ ਵਾਰ ਫਿਰ ਹਮਲਾ ਹੋਇਆ ਹੈ। ਸੀਐਨਐਨ ਮੁਤਾਬਕ ਫਲੋਰੀਡਾ ਦੇ ਪਾਮ ਬੀਚ ਕਾਉਂਟੀ ਵਿੱਚ ਟਰੰਪ ਦੇ ਇੰਟਰਨੈਸ਼ਨਲ ਗੋਲਫ ਕਲੱਬ ਨੇੜੇ ਗੋਲੀਬਾਰੀ ਹੋਈ। ਸੀਕ੍ਰੇਟ ਸਰਵਿਸ ਨੇ ਜਾਣਕਾਰੀ ਦਿੱਤੀ ਹੈ ਕਿ ਟਰੰਪ ਸੁਰੱਖਿਅਤ ਹਨ।
ਦੱਸ ਦਈਏ ਘਟਨਾ ਦੀ ਜਾਂਚ ਦੀ ਜ਼ਿੰਮੇਵਾਰੀ ਐਫਬੀਆਈ ਨੂੰ ਦਿੱਤੀ ਗਈ ਹੈ। ਐਫਬੀਆਈ ਨੇ ਕਿਹਾ ਕਿ ਉਹ ਇਸ ਘਟਨਾ ਨੂੰ “ਕਤਲ ਦੀ ਕੋਸ਼ਿਸ਼” ਵਜੋਂ ਦੇਖ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਕੋਲ ਇੱਕ ਏਕੇ-47 ਵਰਗੀ ਰਾਈਫਲ ਸੀ ਜਿਸ ਵਿੱਚ ਬੈਰਲ ਅਤੇ ਇੱਕ ਗੋਪਰੋ ਕੈਮਰਾ ਸੀ।
ਰਿਪੋਰਟ ਮੁਤਾਬਕ ਟਰੰਪ 5ਵੇਂ ਹੋਲ ਦੇ ਕੋਲ ਗੋਲਫ ਖੇਡ ਰਹੇ ਸਨ ਜਦੋਂ ਗੋਲੀ ਚਲਾਈ ਗਈ। ਇੱਕ ਸੀਕਰੇਟ ਸਰਵਿਸ ਏਜੰਟ ਨੇ ਗੋਲਫ ਕੋਰਸ ਦੀ ਵਾੜ ਵਿੱਚੋਂ ਇੱਕ ਰਾਈਫਲ ਨਾਲ ਹਮਲਾ ਕਰਨ ਵਾਲੇ ਸ਼ੱਕੀ ਨੂੰ ਦੇਖਿਆ।
ਹਾਈਵੇ ‘ਤੇ ਗ੍ਰਿਫਤਾਰ ਕੀਤੇ ਗਏ ਬੰਦੂਕਧਾਰੀ ਟਰੰਪ ਤੋਂ ਕਰੀਬ 300-500 ਗਜ਼ ਦੀ ਦੂਰੀ ‘ਤੇ ਸੀ। ਏਜੰਟ ਨੇ ਉਸ ‘ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਉਹ ਆਪਣੀ ਬੰਦੂਕ ਪਿੱਛੇ ਛੱਡ ਕੇ ਕਾਲੇ ਰੰਗ ਦੀ SUV ‘ਚ ਭੱਜ ਗਿਆ।
ਸੀਕਰੇਟ ਸਰਵਿਸ ਨੇ ਉਸ ਦੀ ਕਾਰ ਦੀ ਨੰਬਰ ਪਲੇਟ ਦੀ ਤਸਵੀਰ ਲਈ। ਇਸ ਤੋਂ ਬਾਅਦ ਉਸ ਨੂੰ ਹਾਈਵੇਅ ‘ਤੇ ਘੇਰ ਕੇ ਗ੍ਰਿਫਤਾਰ ਕਰ ਲਿਆ ਗਿਆ। ਘਟਨਾ ਭਾਰਤੀ ਸਮੇਂ ਮੁਤਾਬਕ ਐਤਵਾਰ ਰਾਤ 11:30 ਵਜੇ ਵਾਪਰੀ, ਉਸ ਸਮੇਂ ਅਮਰੀਕਾ ‘ਚ ਦੁਪਹਿਰ ਦੇ 2 ਵਜੇ ਸਨ।
ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਅਨੁਸਾਰ, ਸ਼ੱਕੀ ਦੀ ਪਛਾਣ ਹਵਾਈ ਦੇ 58 ਸਾਲਾ ਰਿਆਨ ਵੇਸਲੇ ਰੋਥ ਵਜੋਂ ਹੋਈ ਹੈ। ਕਰੀਬ ਦੋ ਮਹੀਨੇ ਪਹਿਲਾਂ ਅਮਰੀਕੀ ਸੂਬੇ ਪੈਨਸਿਲਵੇਨੀਆ ਦੇ ਬਟਲਰ ਸ਼ਹਿਰ ‘ਚ ਇਕ ਰੈਲੀ ਦੌਰਾਨ ਟਰੰਪ ‘ਤੇ ਜਾਨਲੇਵਾ ਹਮਲਾ ਹੋਇਆ ਸੀ, ਜਿਸ ‘ਚ ਇਕ ਗੋਲੀ ਉਨ੍ਹਾਂ ਦੇ ਕੰਨ ‘ਚੋਂ ਲੰਘ ਗਈ ਸੀ।
ਇਸ ਘਟਨਾ ਤੋਂ ਬਾਅਦ ਡੋਨਾਲਡ ਟਰੰਪ ਨੇ ਆਪਣੇ ਸਮਰਥਕਾਂ ਨੂੰ ਸੰਦੇਸ਼ ਜਾਰੀ ਕਰਦੇ ਹੋਏ ਕਿਹਾ, “ਮੈਂ ਸੁਰੱਖਿਅਤ ਹਾਂ। ਮੈਂ ਆਪਣੇ ਆਲੇ-ਦੁਆਲੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ, ਪਰ ਇਸ ਤੋਂ ਪਹਿਲਾਂ ਕਿ ਇਸ ਘਟਨਾ ਨੂੰ ਲੈ ਕੇ ਕੋਈ ਅਫਵਾਹ ਫੈਲੇ, ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ। ਮੈਂ ਜਾਣਦਾ ਹਾਂ ਕਿ ਮੈਂ ਠੀਕ ਅਤੇ ਸੁਰੱਖਿਅਤ ਹਾਂ।”
ਟਰੰਪ ਨੇ ਅੱਗੇ ਕਿਹਾ, “ਕੋਈ ਵੀ ਮੈਨੂੰ ਚੋਣ ਪ੍ਰਚਾਰ ਤੋਂ ਵਾਪਸ ਨਹੀਂ ਲੈ ਸਕੇਗਾ। ਮੈਂ ਕਦੇ ਆਤਮ ਸਮਰਪਣ ਨਹੀਂ ਕਰਾਂਗਾ।” ਇਸ ਘਟਨਾ ਤੋਂ ਬਾਅਦ ਟਰੰਪ ਆਪਣੇ ਘਰ ਮਾਰ-ਏ-ਲਾਗੋ ਚਲੇ ਗਏ। ਵ੍ਹਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਜੋ ਬਿਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਦੋਵਾਂ ਨੇ ਰਾਹਤ ਜ਼ਾਹਰ ਕੀਤੀ ਹੈ ਕਿ ਟਰੰਪ ਸੁਰੱਖਿਅਤ ਹਨ।