ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਦੀ ਬੁੱਧਵਾਰ ਨੂੰ ਤਾਮਿਲਨਾਡੂ ਦੇ ਕੂਨੂਰ ਨੇੜੇ ਹੈਲੀਕਾਪਟਰ ਹਾਦਸੇ (Coonoor helicopter crash) ਵਿੱਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੀ ਦੇਹ ਨੂੰ ਦਿੱਲੀ ਛਾਉਣੀ ਲਿਆਂਦਾ ਜਾਵੇਗਾ ਅਤੇ ਸ਼ੁੱਕਰਵਾਰ ਨੂੰ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੱਜ ਫੌਜੀ ਜਹਾਜ਼ ਰਾਹੀਂ ਰਾਸ਼ਟਰੀ ਰਾਜਧਾਨੀ ਪਹੁੰਚਾਇਆ ਜਾਵੇਗਾ।ਜਨਰਲ ਬਿਪਿਨ ਰਾਵਤ ਨੂੰ ਵੇਲਿੰਗਟਨ ਦੇ ਮਿਲਟਰੀ ਹਸਪਤਾਲ ਵਿੱਚ ਸਵੇਰੇ 10.30 ਵਜੇ ਸ਼ਰਧਾਂਜਲੀ ਦਿੱਤੀ ਜਾਵੇਗੀ।
ਇਸ ਦੌਰਾਨ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਅਤੇ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਵੀ ਮੌਜੂਦ ਰਹਿਣਗੇ। 12 ਵਜੇ ਦੇ ਕਰੀਬ ਸੁਲੂਰ ਏਅਰਬੇਸ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਮ੍ਰਿਤਕ ਦੇਹਾਂ ਨੂੰ ਦਿੱਲੀ ਲਿਆਂਦਾ ਜਾਵੇਗਾ। ਦਿੱਲੀ ਦੇ ਏਅਰ ਫੋਰਸ ਟੈਕਨੀਕਲ ਏਅਰਪੋਰਟ ‘ਤੇ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੀ ਮ੍ਰਿਤਕ ਦੇਹ ਸ਼ਾਮ ਕਰੀਬ 4 ਵਜੇ ਪਹੁੰਚ ਜਾਵੇਗੀ। ਉਸ ਤੋਂ ਬਾਅਦ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਧੌਲਕੂਆਂ ਦੇ ਮਿਲਟਰੀ ਹਸਪਤਾਲ ਲਿਜਾਇਆ ਜਾਵੇਗਾ।ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 3 ਕਾਮਰਾਜ ਮਾਰਗ ‘ਤੇ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ। ਦੁਪਹਿਰ ਦੋ ਵਜੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮਿਲਟਰੀ ਬੈਂਡ ਦੇ ਨਾਲ ਧੌਲਕੂਆਂ ਦੇ ਬਰਾਰ ਚੌਕ ਲਿਜਾਇਆ ਜਾਵੇਗਾ। ਸ਼ਾਮ ਕਰੀਬ 4 ਵਜੇ ਧੌਲਕੂਆਂ ਦੇ ਬਰਾਰ ਚੌਕ ‘ਤੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਮਰਹੂਮ ਬਿਪਿਨ ਰਾਵਤ ਦਾ ਜਨਮ ਉੱਤਰਾਖੰਡ ਦੇ ਪੌੜੀ ਗੜ੍ਹਵਾਲ ਵਿੱਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ ਪੀੜ੍ਹੀਆਂ ਤੋਂ ਦੇਸ਼ ਦੀ ਫੌਜ ਵਿੱਚ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਦੇ ਪਿਤਾ ਲਕਸ਼ਮਣ ਸਿੰਘ ਰਾਵਤ ਵੀ ਲੈਫਟੀਨੈਂਟ ਜਨਰਲ ਰਹਿ ਚੁੱਕੇ ਹਨ।