ਕਈ ਵਾਰ ਸ਼ਾਰਟਕੱਟ ਦੇ ਚੱਕਰ ‘ਚ ਇੰਨਾ ਨੁਕਸਾਨ ਹੋ ਜਾਂਦਾ ਹੈ ਕਿ ਲੋਕ ਅੰਦਾਜ਼ਾ ਵੀ ਨਹੀਂ ਲੱਗਾ ਪਾਉਂਦੇ। ਹਾਲ ਹੀ ‘ਚ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਲੜਕੇ ਨੂੰ ਘੋੜੇ ਦਾ ਟੀਕਾ ਲਗਾਇਆ ਗਿਆ। ਇਸ ਤੋਂ ਬਾਅਦ ਉਸ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ। ਇਹ ਸਭ ਉਸ ਸਮੇਂ ਹੋਇਆ ਜਦੋਂ ਲੜਕਾ ਇਕ ਦੁਕਾਨਦਾਰ ਕੋਲ ਸਿਕਸ ਪੈਕ ਐਬਸ ਬਣਾਉਣ ਲਈ ਸਪਲੀਮੈਂਟ ਲੈਣ ਗਿਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਇਕ ਲੜਕਾ ਜਿਮ ਜਾਂਦਾ ਸੀ ਅਤੇ ਚੰਗੀ ਬਾਡੀ ਬਣਾਉਣਾ ਚਾਹੁੰਦਾ ਸੀ। ਕਿਸੇ ਦੀ ਸਲਾਹ ‘ਤੇ ਉਸ ਨੇ ਸੋਚਿਆ ਕਿ ਜਿੰਮ ਦੇ ਨਾਲ-ਨਾਲ ਕੁਝ ਪ੍ਰੋਟੀਨ ਅਤੇ ਸਪਲੀਮੈਂਟ ਵੀ ਲੈਣੇ ਚਾਹੀਦੇ ਹਨ। ਇਸ ਤੋਂ ਬਾਅਦ ਉਹ ਇਕ ਦੁਕਾਨ ‘ਤੇ ਗਿਆ ਜਿੱਥੇ ਦੁਕਾਨਦਾਰ ਨੇ ਦਾਅਵਾ ਕੀਤਾ ਕਿ ਪ੍ਰੋਟੀਨ ਪਾਊਡਰ ਅਤੇ ਟੀਕਾ ਲਗਾਉਣ ਨਾਲ ਸਰੀਰ ‘ਚ ਬਦਲਾਅ ਆਵੇਗਾ, ਦੋ ਮਹੀਨਿਆਂ ਬਾਅਦ ਇਹ ਫਰਕ ਨਜ਼ਰ ਆਵੇਗਾ।
ਇਸ ਤੋਂ ਬਾਅਦ ਦੁਕਾਨਦਾਰ ਨੇ ਬਿਨਾਂ ਦੱਸੇ ਉਸ ਨੂੰ ਘੋੜੇ ਦਾ ਟੀਕਾ ਲਾ ਦਿੱਤਾ। ਟੀਕਾ ਲਗਵਾਉਣ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਸਿਹਤ ਵਿਗੜਨ ਲੱਗੀ। ਹਾਲਤ ਅਜਿਹੀ ਹੋ ਗਈ ਕਿ ਉਸ ਦੇ ਪੇਟ ਵਿਚ ਤੇਜ਼ ਦਰਦ ਹੋਣ ਲੱਗਾ ਅਤੇ ਉਲਟੀਆਂ ਅਤੇ ਦਸਤ ਸ਼ੁਰੂ ਹੋ ਗਏ। ਇਸ ਤੋਂ ਬਾਅਦ ਜਦੋਂ ਉਹ ਹਸਪਤਾਲ ‘ਚ ਡਾਕਟਰ ਕੋਲ ਪਹੁੰਚਿਆ ਤਾਂ ਉਸ ਨੂੰ ਕੁਝ ਰਾਹਤ ਮਹਿਸੂਸ ਹੋਈ। ਘਟਨਾ ਤੋਂ ਬਾਅਦ ਉਹ ਸਿੱਧਾ ਪੁਲਿਸ ਕੋਲ ਪਹੁੰਚਿਆ ਅਤੇ ਸਾਰੀ ਕਹਾਣੀ ਦੱਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਨੌਜਵਾਨ ਦਾ ਨਾਂ ਜੈ ਸਿੰਘ ਹੈ ਅਤੇ ਉਹ ਵਿਜੇ ਨਗਰ ਦਾ ਰਹਿਣ ਵਾਲਾ ਹੈ। ਉਸ ਨੇ ਦੁਕਾਨਦਾਰ ਦਾ ਨਾਂ ਮੋਹਿਤ ਆਹੂਜਾ ਦੱਸਿਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਦੁਕਾਨਦਾਰ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਇਹ ਟੀਕਾ ਲਗਾਇਆ ਹੈ। ਇੱਕ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਮਾਮਲੇ ਵਿੱਚ ਦੁਕਾਨਦਾਰ ਦੇ ਖਿਲਾਫ ਵਿਜੇ ਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।












