ਚੀਨ ਦੀ ਆਰਥਿਕ ਰਾਜਧਾਨੀ ਸ਼ੰਘਾਈ ਵਿੱਚ ਕੋਰੋਨਾ ਨੇ ਇੱਕ ਵਾਰ ਫਿਰ ਪੈਰ ਪਸਾਰ ਲਏ ਹਨ। ਸ਼ੰਘਾਈ ‘ਚ ਪਿਛਲੇ ਇੱਕ ਮਹੀਨੇ ਤੋਂ ਲੌਕਡਾਊਨ ਲੱਗਾ ਹੋਇਆ ਹੈ। ਲੌਕਡਾਊਨ ਕਾਰਨ ਸ਼ੰਘਾਈ ਵਿੱਚ ਆਰਥਿਕ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਹਨ। ਇਸ ਦਾ ਸਭ ਤੋਂ ਬੁਰਾ ਪ੍ਰਭਾਵ ਸ਼ੰਘਾਈ ਬੰਦਰਗਾਹ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਵੱਡੀ ਗਿਣਤੀ ਵਿੱਚ ਮਾਲ-ਵਾਹਕ ਜਹਾਜ ਖੜ੍ਹੇ ਹੋਣ ਕਾਰਨ ਟ੍ਰੈਫਿਕ ਜਾਮ ਹੋ ਗਿਆ ਹੈ। ਬੰਦਰਗਾਹ ਤੋਂ ਕਈ ਕਿਲੋਮੀਟਰ ਦੂਰ ਤੱਕ ਸਮੁੰਦਰ ਵਿੱਚ ਜਹਾਜ਼ ਖੜ੍ਹੇ ਨਜ਼ਰ ਹੋਏ ਹਨ। ਮਾਲ ਉਤਾਰਨ ਅਤੇ ਲੋਡ ਕਰਨ ਦੀ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਜਹਾਜ਼ ਦੇ ਚਾਲਕ ਦਲ ਵੀ ਸਮੁੰਦਰ ਵਿੱਚ ਫਸੇ ਹੋਏ ਹਨ।

ਸਮੁੰਦਰ ਵਿੱਚ ਇਹ ਟ੍ਰੈਫਿਕ ਜਾਮ ਗਲੋਬਲ ਸਪਲਾਈ ਚੇਨ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਕਿਉਂਕਿ ਸ਼ੰਘਾਈ ਦੀ ਬੰਦਰਗਾਹ ਦੁਨੀਆ ਦੀਆਂ ਸਭ ਤੋਂ ਵਿਅਸਤ ਬੰਦਰਗਾਹਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਚੀਨ ਨਾਲ ਦੁਨੀਆ ਦੇ ਦੂਜੇ ਦੇਸ਼ਾਂ ਦੇ ਆਰਥਿਕ ਵਪਾਰ ਲਈ ਵੀ ਸ਼ੰਘਾਈ ਬਹੁਤ ਮਹੱਤਵ ਰੱਖਦਾ ਹੈ। ਚੀਨ ਦੀ ਇਲੈਕਟ੍ਰਿਕ ਕਾਰ ਮਾਰਕਰ ਐਕਸਪੇਂਗ ਨੇ ਕਿਹਾ ਕਿ ਜੇਕਰ ਸ਼ੰਘਾਈ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਸਪਲਾਇਰ ਕੰਮ ਮੁੜ ਸ਼ੁਰੂ ਨਹੀਂ ਕਰ ਸਕਦੇ ਹਨ ਤਾਂ ਵਾਹਨ ਨਿਰਮਾਤਾਵਾਂ ਨੂੰ ਅਗਲੇ ਮਹੀਨੇ ਉਤਪਾਦਨ ਨੂੰ ਰੋਕਣਾ ਪਏਗਾ। ਦੱਸ ਦਈਏ ਕਿ ਸ਼ੰਘਾਈ ਵਿੱਚ ਨਵੀਂ ਕੋਵਿਡ ਵੇਵ ਕਾਰਨ ਸੱਤ ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤਰ੍ਹਾਂ ਦੋ ਦਿਨਾਂ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ। ਚੀਨ ਵਿੱਚ ਹੁਣ ਤੱਕ 4,648 ਲੋਕਾਂ ਦੀ ਮੌਤ ਹੋ ਚੁੱਕੀ ਹੈ।












