ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਸੁਰੇਸ਼ ਰੈਨਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਨੈਸ਼ਨਲ ਕਾਉਂਸਿਲ ਫਾਰ ਪ੍ਰਮੋਸ਼ਨ ਆਫ ਇੰਪਲਾਇਮੈਂਟ ਫਾਰ ਡਿਸਏਬਲਡ ਪੀਪਲ (ਐੱਨ.ਸੀ.ਪੀ.ਈ.ਡੀ.ਪੀ.) ਦੇ ਕਾਰਜਕਾਰੀ ਨਿਰਦੇਸ਼ਕ ਅਰਮਾਨ ਅਲੀ ਨੇ ਸਾਬਕਾ ਭਾਰਤੀ ਖਿਡਾਰੀਆਂ ਹਰਭਜਨ ਸਿੰਘ, ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਦੇ ਵਾਇਰਲ ਹੋਏ ਵੀਡੀਓ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਦਾ ਕਾਰਨ ਦੱਸਿਆ ਹੈ।
ਅਰਮਾਨ ਅਲੀ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਇਹ ਭਾਰਤ ਦੇ 10 ਕਰੋੜ ਤੋਂ ਵੱਧ ਅਪਾਹਜ ਲੋਕਾਂ ਦਾ ਅਪਮਾਨ ਹੈ, ਹਰਭਜਨ ਸਿੰਘ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੂੰ ਅਪਾਹਜਾਂ ਲਈ ਆਵਾਜ਼ ਉਠਾਉਣੀ ਚਾਹੀਦੀ ਹੈ, ਪਰ ਉਹ ਕਿਸ ਤਰ੍ਹਾਂ ਦੀ ਵੀਡੀਓ ਬਣਾ ਰਹੇ ਹਨ? ਭਾਰਤ ਵਿੱਚ ਅਪਾਹਜਤਾ ਬਾਰੇ ਜਾਗਰੂਕਤਾ ਦੀ ਵੱਡੀ ਘਾਟ ਹੈ, ਤੁਸੀਂ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹੋ।”
ਦੱਸ ਦਈਏ ਕਿ ਵਿਸ਼ਵ ਚੈਂਪੀਅਨਸ਼ਿਪ ਆਫ ਲੈਜੇਂਡਸ ਦਾ ਖਿਤਾਬ ਜਿੱਤਣ ਤੋਂ ਬਾਅਦ ਸਾਬਕਾ ਭਾਰਤੀ ਖਿਡਾਰੀ ਹਰਭਜਨ ਸਿੰਘ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ‘ਚ ਉਨ੍ਹਾਂ ਨਾਲ ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ‘ਤੌਬਾ-ਤੌਬਾ’ ਗੀਤ ਚੱਲ ਰਿਹਾ ਹੈ ਅਤੇ ਤਿੰਨੋਂ ਖਿਡਾਰੀ ਲੰਗੜਾ ਰਹੇ ਹਨ। ਇਸ ਵੀਡੀਓ ਦੇ ਕੈਪਸ਼ਨ ‘ਚ ਹਰਭਜਨ ਸਿੰਘ ਨੇ ਲਿਖਿਆ ਕਿ 15 ਦਿਨ ਲਗਾਤਾਰ ਕ੍ਰਿਕਟ ਖੇਡਣ ਤੋਂ ਬਾਅਦ ਹੁਣ ਉਨ੍ਹਾਂ ਦਾ ਸਰੀਰ ‘ਤੌਬਾ-ਤੌਬਾ’ ਹੋ ਚੁੱਕਾ ਹੈ।
ਅਪਾਹਜਾਂ ਲਈ ਕੰਮ ਕਰਨ ਵਾਲੀ ਦਿੱਲੀ ਦੀ ਇੱਕ ਐਨਜੀਓ ਨੇ ਸਾਬਕਾ ਖਿਡਾਰੀਆਂ ਹਰਭਜਨ ਸਿੰਘ, ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਦੇ ਖਿਲਾਫ ਅਮਰ ਕਲੋਨੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਤਿੰਨਾਂ ‘ਤੇ ਅਪਾਹਜਾਂ ਦਾ ਅਪਮਾਨ ਕਰਨ ਅਤੇ ਉਨ੍ਹਾਂ ਦਾ ਮਜ਼ਾਕ ਉਡਾਉਣ ਦਾ ਦੋਸ਼ ਹੈ। ਹਾਲਾਂਕਿ ਇਸ ਵੀਡੀਓ ਤੋਂ ਬਾਅਦ ਹਰਭਜਨ ਸਿੰਘ ਨੇ ਮੁਆਫੀ ਵੀ ਮੰਗੀ ਹੈ।
ਉਨ੍ਹਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਲਿਖਿਆ ਕਿ, ‘ਸਾਡਾ ਇਰਾਦਾ ਕਿਸੇ ਦਾ ਅਪਮਾਨ ਕਰਨਾ ਨਹੀਂ ਸੀ। ਅਸੀਂ ਹਰ ਵਿਅਕਤੀ ਅਤੇ ਸਮਾਜ ਦਾ ਸਤਿਕਾਰ ਕਰਦੇ ਹਾਂ। ਦਰਅਸਲ 15 ਦਿਨਾਂ ਤੱਕ ਲਗਾਤਾਰ ਕ੍ਰਿਕਟ ਖੇਡਣ ਤੋਂ ਬਾਅਦ ਸਾਡੇ ਸਰੀਰ ‘ਚ ਕਾਫੀ ਦਰਦ ਹੋ ਰਿਹਾ ਸੀ ਅਤੇ ਅਸੀਂ ਵੀਡੀਓ ਰਾਹੀਂ ਆਪਣੇ ਸਰੀਰ ਦੀ ਹਾਲਤ ਬਿਆਨ ਕਰ ਰਹੇ ਸੀ। ਫਿਰ ਵੀ ਜੇ ਤੁਸੀਂ ਲੋਕ ਸੋਚਦੇ ਹੋ ਕਿ ਅਸੀਂ ਗਲਤ ਹਾਂ ਤਾਂ ਮੈਂ ਤੁਹਾਡੇ ਤੋਂ ਮੁਆਫੀ ਮੰਗਦਾ ਹਾਂ।”
----------- Advertisement -----------
ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਖਿਲਾਫ ਸ਼ਿਕਾਇਤ ਦਰਜ; ਜਾਣੋ ਕੀ ਹੈ ਪੂਰਾ ਮਾਮਲਾ
Published on
----------- Advertisement -----------

----------- Advertisement -----------