ਸ਼ਕਤੀਸ਼ਾਲੀ ਚੱਕਰਵਾਤ ‘ਯਾਗੀ’ ਵੀਅਤਨਾਮ ਵਿੱਚ ਤਬਾਹੀ ਮਚਾ ਰਿਹਾ ਹੈ। ਮੰਗਲਵਾਰ ਨੂੰ ਚੱਕਰਵਾਤ ‘ਯਾਗੀ’ ਨੇ ਇੰਨੀ ਭਾਰੀ ਬਾਰਿਸ਼ ਕੀਤੀ ਕਿ ਵੀਅਤਨਾਮ ਦੇ ਉੱਤਰੀ ਖੇਤਰ ‘ਚ ਅਚਾਨਕ ਹੜ੍ਹ ਆ ਗਿਆ। ਉੱਤਰੀ ਵੀਅਤਨਾਮ ਵਿੱਚ ਚੱਕਰਵਾਤ ਯਾਗੀ ਕਾਰਨ ਆਏ ਹੜ੍ਹ ਵਿੱਚ ਬੁੱਧਵਾਰ ਨੂੰ 16 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਚੱਕਰਵਾਤ ਨਾਲ ਸਬੰਧਤ ਘਟਨਾਵਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 141 ਹੋ ਗਈ ਹੈ।
ਵੀਅਤਨਾਮ ਦੇ ਅਧਿਕਾਰਤ ਪ੍ਰਸਾਰਕ, ਵੀਟੀਵੀ ਨੇ ਕਿਹਾ ਕਿ ਲਾਓ ਕਾਈ ਸੂਬੇ ਦੇ ਇੱਕ ਪਹਾੜ ਤੋਂ ਆਏ ਹੜ੍ਹ ਦੇ ਪਾਣੀ ਨੇ ਲੈਂਗ ਨੂ ਪਿੰਡ ਨੂੰ ਤਬਾਹ ਕਰ ਦਿੱਤਾ। ਇਸ ਪਿੰਡ ਵਿੱਚ 35 ਪਰਿਵਾਰ ਰਹਿੰਦੇ ਸਨ। ਚੌਕੀ ਕਰਮਚਾਰੀਆਂ ਨੇ 16 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਕਰੀਬ 40 ਲੋਕਾਂ ਦੀ ਭਾਲ ਜਾਰੀ ਹੈ।