ਕਾਂਗੜਾ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ। ਉਕਤ ਨੌਜਵਾਨ ਪਿਛਲੇ ਚਾਰ ਸਾਲਾਂ ਤੋਂ ਸਟੱਡੀ ਵੀਜ਼ੇ ‘ਤੇ ਕੈਨੇਡਾ ‘ਚ ਰਹਿ ਰਿਹਾ ਸੀ। ਹਾਲ ਹੀ ‘ਚ ਰਿਸ਼ਭ ਘਰ ਆਇਆ ਸੀ ।
ਦੱਸ ਦਈਏ ਮ੍ਰਿਤਕ ਨੌਜਵਾਨ ਰਿਸ਼ਭ ਪਠਾਨੀਆ (28) ਪੁੱਤਰ ਅਜੈ ਪਠਾਨੀਆ ਵਾਸੀ ਡੇਹਰਾ ਵਿਧਾਨ ਸਭਾ ਹਲਕੇ ਦੀ ਹਰੀਪੁਰ ਤਹਿਸੀਲ ਦੇ ਪਿੰਡ ਬੰਗੋਲੀ ਦਾ ਰਹਿਣ ਵਾਲਾ ਹੈ। ਨੌਜਵਾਨ ਦੀ ਮੌਤ ਕਾਰਨ ਪਰਿਵਾਰਕ ਮੈਂਬਰਾਂ ‘ਚ ਮਾਤਮ ਛਾ ਗਿਆ ਹੈ ਅਤੇ ਰੋ-ਰੋ ਕੇ ਬੁਰਾ ਹਾਲ ਹੈ।
ਗੱਲਬਾਤ ਕਰਦਿਆਂ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਬੁੱਧਵਾਰ ਨੂੰ ਉਨ੍ਹਾਂ ਨੇ ਰਿਸ਼ਭ ਪਠਾਨੀਆ ਨਾਲ ਮੈਸੇਜ ਰਾਹੀਂ ਗੱਲ ਕੀਤੀ। ਪਰ ਸ਼ੁੱਕਰਵਾਰ ਨੂੰ ਨਾ ਤਾਂ ਕਾਲ ਆਈ ਅਤੇ ਨਾ ਹੀ ਮੈਸੇਜ ਆਇਆ। ਜਦੋਂ ਰਿਸ਼ਭ ਦੇ ਪਿਤਾ ਅਜੈ ਪਠਾਨੀਆ ਨੇ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਹ ਰਿਸ਼ਭ ਨਾਲ ਗੱਲ ਨਹੀਂ ਕਰ ਸਕੇ।
ਸ਼ਨੀਵਾਰ ਨੂੰ ਅਜੈ ਪਠਾਨੀਆ ਨੇ ਕੈਨੇਡਾ ‘ਚ ਰਿਸ਼ਭ ਦੇ ਇਕ ਦੋਸਤ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਕਿਸੇ ਹਾਦਸੇ ਦੇ ਡਰ ਕਾਰਨ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ। ਪੁਲਿਸ ਟੀਮ ਦੇ ਨਾਲ ਦੋਸਤ ਵੀ ਰਿਸ਼ਭ ਪਠਾਨੀਆ ਦੇ ਕਮਰੇ ‘ਚ ਪਹੁੰਚ ਗਿਆ। ਜਦੋਂ ਕਮਰਾ ਖੋਲ੍ਹਿਆ ਗਿਆ ਤਾਂ ਅੰਦਰ ਰਿਸ਼ਭ ਮ੍ਰਿਤਕ ਪਿਆ ਸੀ।
ਇਹ ਜਾਣ ਕੇ ਅਜੇ ਪਠਾਨੀਆ, ਉਸ ਦੀ ਪਤਨੀ ਅਤੇ ਛੋਟੇ ਬੇਟੇ ‘ਤੇ ਦੁੱਖ ਦਾ ਪਹਾੜ ਡਿੱਗ ਪਿਆ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਕੈਨੇਡੀਅਨ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਰਿਸ਼ਭ ਪਠਾਨੀਆ ਦੇ ਪਿਤਾ ਅਜੇ ਪਠਾਨੀਆ ਡਾਕਖਾਨੇ ‘ਚ ਕੰਮ ਕਰਦੇ ਹਨ ਅਤੇ ਮਾਂ ਘਰੇਲੂ ਔਰਤ ਹੈ। ਅਜੇ ਪਠਾਨੀਆ ਦਾ ਇੱਕ ਹੋਰ ਛੋਟਾ ਪੁੱਤਰ ਹੈ। ਪਿਤਾ ਅਜੈ ਪਠਾਨੀਆ ਨੇ ਭਾਰਤ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਤੋਂ ਲਾਸ਼ ਨੂੰ ਘਰ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।












