ਹਿੱਟ ਐਂਡ ਰਨ ਕੇਸਾਂ ਵਿੱਚ ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਦੀਆਂ ਵਿਵਸਥਾਵਾਂ ਨੂੰ ਲੈ ਕੇ ਸੋਮਵਾਰ ਤੋਂ ਦੇਸ਼ ਭਰ ਵਿੱਚ ਟਰੱਕ ਡਰਾਈਵਰ ਹੜਤਾਲ ’ਤੇ ਹਨ। ਇਸ ਕਾਰਨ ਪੈਟਰੋਲ, ਡੀਜ਼ਲ, ਫਲ ਤੇ ਸਬਜ਼ੀਆਂ ਵਰਗੀਆਂ ਜ਼ਰੂਰੀ ਵਸਤਾਂ ਵੱਖ-ਵੱਖ ਸੂਬਿਆਂ ‘ਚ ਨਹੀਂ ਪਹੁੰਚ ਰਹੀਆਂ, ਜਿਸ ਕਾਰਨ ਇਨ੍ਹਾਂ ਸਭ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ।
ਦੱਸ ਦਈਏ ਕਿ ਮੱਧ ਪ੍ਰਦੇਸ਼, ਰਾਜਸਥਾਨ ਸਮੇਤ 10 ਰਾਜਾਂ ਤੋਂ ਪੈਟਰੋਲ ਅਤੇ ਡੀਜ਼ਲ ਪੰਪ ਡਰਾਈ ਹੋ ਜਾਣ ਦੀਆਂ ਖਬਰਾਂ ਹਨ। ਇੱਥੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਫਲ, ਸਬਜ਼ੀਆਂ, ਦੁੱਧ ਅਤੇ ਖੇਤੀ ਵਸਤਾਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਕਈ ਥਾਵਾਂ ‘ਤੇ ਪ੍ਰਸ਼ਾਸਨ ਸਪਲਾਈ ਬਹਾਲ ਕਰਨ ਲਈ ਟਰਾਂਸਪੋਰਟਰਾਂ ਨਾਲ ਸੰਪਰਕ ਕਰ ਰਿਹਾ ਹੈ।
ਆਲ ਇੰਡੀਆ ਟਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਅੰਮ੍ਰਿਤਲਾਲ ਮਦਾਨ ਨੇ ਕਿਹਾ, ‘ਟਰਾਂਸਪੋਰਟਰਾਂ ਨੇ ਅਜੇ ਹੜਤਾਲ ਦਾ ਐਲਾਨ ਨਹੀਂ ਕੀਤਾ ਹੈ। ਇਸ ਬਾਰੇ ਫੈਸਲਾ ਮੰਗਲਵਾਰ ਨੂੰ ਦਿੱਲੀ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਲਿਆ ਜਾਵੇਗਾ। ਫਿਲਹਾਲ ਡਰਾਈਵਰ ਖੁਦ ਹੀ ਗੱਡੀਆਂ ਛੱਡ ਕੇ ਹੇਠਾਂ ਉਤਰ ਰਹੇ ਹਨ। ਉਹ ਦੂਜਿਆਂ ਨੂੰ ਗੱਡੀ ਚਲਾਉਣ ਦੀ ਵੀ ਇਜਾਜ਼ਤ ਨਹੀਂ ਦੇ ਰਹੇ ਹਨ।












