ਜਰਮਨੀ ਵਿਚ ਇਕ ਸ਼ਖ਼ਸ ਵੱਲੋਂ ਆਪਣੀ ਪਤਨੀ ਅਤੇ 3 ਧੀਆਂ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਬਾਅਦ ਸ਼ਖ਼ਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਦਰਅਸਲ ਸ਼ਖ਼ਸ ਨੇ ਇਕ ਫਰਜੀਵਾੜਾ ਕੀਤਾ ਸੀ, ਜਿਸ ਦੀ ਪੋਲ ਖੁੱਲ੍ਹ ਗਈ ਸੀ। ਉਸ ਨੂੰ ਡਰ ਸੀ ਕਿ ਉਹ ਗ੍ਰਿਫ਼ਤਾਰ ਹੋਣ ਤੋਂ ਬਾਅਦ ਪਰਿਵਾਰ ਤੋਂ ਵੱਖ ਹੋ ਜਾਏਗਾ। ਇਸ ਲਈ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੂੰ ਸ਼ਨੀਵਾਰ ਨੂੰ ਬਰਲਿਨ ਦੇ ਕੋਏਨਿਗਸ ਵੁਸਟਰਹਾਉਜੇਨ ਵਿਚ ਇਕ ਘਰ ਵਿਚੋਂ 5 ਲਾਸ਼ਾਂ ਬਰਾਮਦ ਹੋਈਆਂ, ਜਿਨ੍ਹਾਂ ਵਿਚ 4, 8, ਅਤੇ 10 ਸਾਲ ਦੀ ਉਮਰ ਦੀਆਂ ਬੱਚੀਆਂ ਸ਼ਾਮਲ ਸਨ। ਡੈਵਿਡ ਅਤੇ ਉਸ ਦੀ ਪਤਨੀ ਦੀ ਲਾਸ਼ ਵੀ ਬਰਾਮਦ ਹੋਈ।

ਰਿਪੋਰਟ ਮੁਤਾਬਕ 40 ਸਾਲਾ ਡੈਵਿਡ ਨੇ ਹਾਲ ਹੀ ਵਿਚ ਆਪਣੀ ਪਤਨੀ ਲਈ ਕੋਰੋਨਾ ਵੈਕਸੀਨ ਦਾ ਨਕਲੀ ਸਰਟੀਫਿਕੇਟ ਬਣਾਵਾਇਆ ਸੀ ਪਰ ਡੈਵਿਡ ਦੀ ਇਸ ਹਰਕਤ ਬਾਰੇ ਉਸ ਦੇ ਬੌਸ ਨੂੰ ਪਤਾ ਲੱਗ ਗਿਆ। ਬੌਸ ਨੇ ਉਸ ਖ਼ਿਲਾਫ਼ ਪੁਲਸ ਵਿਚ ਸ਼ਿਕਾਇਤ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਗ੍ਰਿਫ਼ਤਾਰੀ ਦੇ ਬਾਅਦ ਉਹ ਬੱਚਿਆਂ ਤੋਂ ਵੱਖ ਹੋ ਜਾਏਗਾ। ਇਸ ਦੇ ਡਰ ਤੋਂ ਉਸ ਨੇ ਆਪਣੀ ਪਤਨੀ ਅਤੇ 3 ਧੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਖ਼ੁਦ ਨੂੰ ਵੀ ਗੋਲੀ ਮਾਰ ਲਈ। ਦਰਅਸਲ ਜਰਮਨੀ ਵਿਚ ਨਕਲੀ ਕੋਵਿਡ-19 ਵੈਕਸੀਨ ਪ੍ਰਮਾਣ ਪੱਤਰ ਬਣਵਾਉਣਾ ਅਪਰਾਧਕ ਜ਼ੁਰਮ ਹੈ। ਦੋਸ਼ੀ ਨੂੰ ਇਸ ਲਈ ਜੁਰਮਾਨਾ ਜਾਂ ਇਕ ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਘਰ ਵਿਚੋਂ ਪੁਲਸ ਨੂੰ ਇਕ ਨੋਟ ਵੀ ਮਿਲਿਆ ਹੈ।












