ਸਿੱਖ ਫਾਰ ਜਸਟਿਸ ਦੇ ਬੈਨਰ ਹੇਠ ਖਾਲਿਸਤਾਨ ਦੀ ਮੰਗ ਕਰ ਰਹੇ ਅੱਤਵਾਦੀ ਗੁਰਪਤਵੰਤ ਪੰਨੂ ਨੇ ਇੱਕ ਵਾਰ ਫਿਰ ਜੀ-20 ਕਾਨਫਰੰਸ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਿੱਲੀ ‘ਚ ਸਖ਼ਤ ਸੁਰੱਖਿਆ ਦੇ ਚੱਲਦਿਆਂ ਅੱਤਵਾਦੀ ਪੰਨੂ ਨੇ ਹੁਣ ਗੁਰੂਗ੍ਰਾਮ ਦੇ ਹੁੱਡਾ ਸਿਟੀ ਮੈਟਰੋ ਸਟੇਸ਼ਨ ਫਲਾਈਓਵਰ ‘ਤੇ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਦਾਅਵਾ ਕੀਤਾ ਹੈ। ਪੰਨੂ ਨੇ ਆਪਣਾ ਨਵਾਂ ਵੀਡੀਓ ਵਾਇਰਲ ਕਰਕੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਧਮਕੀ ਦਿੱਤੀ ਹੈ।
ਅੱਤਵਾਦੀ ਪੰਨੂ ਨੇ ਵੀਡੀਓ ਵਾਇਰਲ ਕਰਕੇ ਦਿੱਲੀ ‘ਚ ਹੋ ਰਹੀ ਜੀ-20 ਕਾਨਫਰੰਸ ਨੂੰ ਨਿਸ਼ਾਨਾ ਬਣਾਇਆ ਹੈ। ਪੰਨੂ ਨੇ ਦੱਸਿਆ ਕਿ ਜੀ-20 ਸੰਮੇਲਨ 9 ਤੋਂ 11 ਸਤੰਬਰ ਤੱਕ ਦਿੱਲੀ ਵਿਖੇ ਹੋ ਰਿਹਾ ਹੈ। ਦਿੱਲੀ ‘ਚ ਖਾਲਿਸਤਾਨੀ ਝੰਡਾ ਲਹਿਰਾਉਣ ਅਤੇ ਮੈਟਰੋ ਸਟੇਸ਼ਨਾਂ ‘ਤੇ ਨਾਅਰੇ ਲਿਖਣ ਤੋਂ ਬਾਅਦ ਹੁਣ ਹਰਿਆਣਾ ਦੇ ਗੁਰੂਗ੍ਰਾਮ ‘ਚ ਖਾਲਿਸਤਾਨ ਸਮਰਥਕਾਂ ਨੇ ਝੰਡਾ ਲਹਿਰਾਇਆ ਹੈ। ਪੰਨੂ ਨੇ ਮੈਟਰੋ ਸਟੇਸ਼ਨ ਦੇ ਕੋਲ ਲਗਾਏ ਖਾਲਿਸਤਾਨੀ ਝੰਡੇ ‘ਤੇ ਲਿਖਿਆ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ। ਵੀਡੀਓ ਵਿੱਚ ਭਾਰਤ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਹਰਿਆਣਾ ਤੇ ਦਿੱਲੀ ਬਣੇਗਾ ਖਾਲਿਸਤਾਨ ਦੇ ਨਾਅਰੇ ਵੀ ਲਾਏ ਗਏ ਹਨ।
ਇਸ ਤੋਂ ਪਹਿਲਾਂ ਜੀ-20 ਕਾਨਫਰੰਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੰਨੂ ਨੇ ਦਿੱਲੀ ਦੇ ਮੈਟਰੋ ਸਟੇਸ਼ਨਾਂ ‘ਤੇ ਖਾਲਿਸਤਾਨੀ ਨਾਅਰੇ ਲਿਖੇ ਸਨ। ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਪੰਜਾਬ ਦੇ ਦੋ ਨੌਜਵਾਨਾਂ ਨੂੰ ਅੱਤਵਾਦੀ ਪੰਨੂ ਵੱਲੋਂ ਪੈਸੇ ਦਾ ਲਾਲਚ ਦੇ ਕੇ ਨਾਅਰੇ ਲਿਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।












