ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਬਾਹਰ ਨੁਵਾਕੋਟ ਦੇ ਸ਼ਿਵਪੁਰੀ ਨੈਸ਼ਨਲ ਪਾਰਕ ਵਿੱਚ ਬੁੱਧਵਾਰ (07 ਅਗਸਤ) ਨੂੰ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ ਪੰਜ ਨਾਗਰਿਕਾਂ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਮੁਤਾਬਕ ਹੈਲੀਕਾਪਟਰ ਕਾਠਮੰਡੂ ਤੋਂ ਰਸੂਵਾ ਜਾ ਰਿਹਾ ਸੀ। ਇਹ ਹਾਦਸਾ ਨੇਪਾਲ ਦੇ ਨੁਵਾਕੋਟ ‘ਚ ਵਾਪਰਿਆ ਹੈ। ਏਅਰ ਡਾਇਨੇਸਟੀ ਦਾ ਹੈਲੀਕਾਪਟਰ ਅਚਾਨਕ ਕਰੈਸ਼ ਹੋ ਗਿਆ। ਹੈਲੀਕਾਪਟਰ ਨੂੰ ਅੱਗ ਲੱਗ ਗਈ ਅਤੇ ਅੰਦਰ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ ਤੁਰੰਤ ਬਚਾਅ ਟੀਮ ਨੂੰ ਮੌਕੇ ‘ਤੇ ਭੇਜਿਆ।
ਇਹ ਭਿਆਨਕ ਹੈਲੀਕਾਪਟਰ ਹਾਦਸਾ ਨੇਪਾਲ ਦੇ ਨੁਵਾਕੋਟ ਦੇ ਸ਼ਿਵਪੁਰੀ ‘ਚ ਵਾਪਰਿਆ। ਇਸ ਹੈਲੀਕਾਪਟਰ ਵਿੱਚ 4 ਚੀਨੀ ਨਾਗਰਿਕਾਂ ਸਮੇਤ ਪੰਜ ਲੋਕ ਸਵਾਰ ਸਨ। ਕੈਪਟਨ ਅਰੁਣ ਮੱਲਾ ਹੈਲੀਕਾਪਟਰ ਵਿੱਚ ਬਤੌਰ ਪਾਇਲਟ ਮੌਜੂਦ ਸਨ। ਟੀਆਈਏ ਤੋਂ ਉਡਾਣ ਭਰਨ ਤੋਂ ਸਿਰਫ਼ 3 ਮਿੰਟ ਬਾਅਦ ਹੀ ਹੈਲੀਕਾਪਟਰ ਦਾ ਅਚਾਨਕ ਸੰਪਰਕ ਟੁੱਟ ਗਿਆ। ਕੁਝ ਸਮੇਂ ਬਾਅਦ ਹੈਲੀਕਾਪਟਰ ਦੇ ਕਰੈਸ਼ ਹੋਣ ਦੀ ਖਬਰ ਸਾਹਮਣੇ ਆਈ। ਹੈਲੀਕਾਪਟਰ ਹਾਦਸੇ ਦਾ ਕਾਰਨ ਪਹਾੜੀ ਨਾਲ ਟਕਰਾਉਣਾ ਮੰਨਿਆ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਹੈਲੀਕਾਪਟਰ ਨੇ ਪੰਜ ਲੋਕਾਂ ਨੂੰ ਲੈ ਕੇ ਕਾਠਮੰਡੂ ਤੋਂ ਰਸੂਵਾ ਲਈ ਉਡਾਣ ਭਰੀ ਸੀ। ਫਿਰ ਹੈਲੀਕਾਪਟਰ ਨੁਵਾਕੋਟ ਜ਼ਿਲ੍ਹੇ ਦੇ ਸੂਰਿਆ ਚੌਰ-7 ‘ਤੇ ਪਹਾੜੀ ਨਾਲ ਟਕਰਾ ਗਿਆ। ਪਹਾੜੀ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ ਅਤੇ 5 ਲੋਕਾਂ ਦੀ ਮੌਤ ਹੋ ਗਈ।











