ਇਜ਼ਰਾਈਲ-ਹਮਾਸ ਜੰਗ ਦਾ ਅੱਜ 15ਵਾਂ ਦਿਨ ਹੈ। ਇਸ ਦੌਰਾਨ ਭਾਰਤ ਨੇ ਵੀ ਫਲਸਤੀਨੀਆਂ ਨੂੰ ਕਰੀਬ 6500 ਕਿਲੋ ਮੈਡੀਕਲ ਸਹਾਇਤਾ ਅਤੇ 32 ਹਜ਼ਾਰ ਕਿਲੋ ਜ਼ਰੂਰੀ ਵਸਤਾਂ ਭੇਜੀਆਂ ਹਨ। ਸਾਮਾਨ ਦੇ ਡੱਬਿਆਂ ‘ਤੇ ਲਿਖਿਆ ਹੈ ਕਿ ਇਹ ਭਾਰਤ ਦੇ ਲੋਕਾਂ ਵੱਲੋਂ ਫਲਸਤੀਨੀਆਂ ਨੂੰ ਤੋਹਫਾ ਹੈ।
ਦੱਸ ਦਈਏ ਕਿ ਇਹ ਰਾਹਤ ਸਮੱਗਰੀ ਗਾਜ਼ੀਆਬਾਦ ਦੇ ਹਿੰਡਨ ਏਅਰ ਬੇਸ ਤੋਂ ਸੀ-17 ਜਹਾਜ਼ ਰਾਹੀਂ ਭੇਜੀ ਗਈ ਹੈ, ਜੋ ਪਹਿਲਾਂ ਮਿਸਰ ਪਹੁੰਚੇਗੀ। ਇਸ ਤੋਂ ਬਾਅਦ ਬੀਤੇ ਸ਼ਨੀਵਾਰ ਨੂੰ ਖੁੱਲ੍ਹੀ ਰਾਫਾ ਸਰਹੱਦ ਰਾਹੀਂ ਇਸ ਨੂੰ ਗਾਜ਼ਾ ਪਹੁੰਚਾਇਆ ਜਾਵੇਗਾ। ਇਸ ਵਿੱਚ ਬਹੁਤ ਸਾਰੀਆਂ ਜ਼ਰੂਰੀ ਦਵਾਈਆਂ, ਸਰਜਰੀ ਦੇ ਉਪਕਰਣ, ਟੈਂਟ, ਸਲੀਪਿੰਗ ਬੈਗ, ਪਾਣੀ ਸ਼ੁੱਧ ਕਰਨ ਦੀਆਂ ਗੋਲੀਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਸ਼ਾਮਿਲ ਹਨ।
ਦੂਜੇ ਪਾਸੇ, ਇਜ਼ਰਾਇਲੀ ਫੌਜ ਨੇ ਐਤਵਾਰ ਨੂੰ ਵੈਸਟ ਬੈਂਕ ਵਿੱਚ ਜੇਨਿਨ ਦੀ ਅਲ-ਅੰਸਾਰ ਮਸਜਿਦ ‘ਤੇ ਹਵਾਈ ਹਮਲਾ ਕੀਤਾ। ਇਜ਼ਰਾਈਲ ਰੱਖਿਆ ਬਲਾਂ ਨੇ ਕਿਹਾ ਕਿ ਸੁਰੱਖਿਆ ਖੁਫੀਆ ਨੇ ਸਾਨੂੰ ਦੱਸਿਆ ਕਿ ਹਮਾਸ ਦੇ ਲੜਾਕਿਆਂ ਨੇ ਮਸਜਿਦ ਨੂੰ ਕਮਾਂਡ ਸੈਂਟਰ ਬਣਾ ਦਿੱਤਾ ਹੈ। ਉਹ ਇੱਥੋਂ ਹੀ ਹਮਲਿਆਂ ਦੀ ਯੋਜਨਾ ਬਣਾ ਕੇ ਅੰਜ਼ਾਮ ਦਿੰਦੇ ਸਨ।