ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਦੂਜੇ ਦਿਨ ਵੀ ਹਿੰਸਾ ਜਾਰੀ ਹੈ। ਪੇਸ਼ਾਵਰ, ਇਸਲਾਮਾਬਾਦ, ਲਾਹੌਰ, ਕਰਾਚੀ ਅਤੇ ਰਾਵਲਪਿੰਡੀ ਸਮੇਤ ਕਈ ਸ਼ਹਿਰਾਂ ਵਿਚ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਸਮਰਥਕ ਅੱਗਜ਼ਨੀ ਅਤੇ ਭੰਨਤੋੜ ਕਰ ਰਹੇ ਹਨ। 8 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਪੰਜਾਬ ਸੂਬੇ ਵਿੱਚ ਫੌਜ ਤਾਇਨਾਤ ਕਰ ਦਿੱਤੀ ਗਈ ਹੈ।
ਖਾਨ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨਏਬੀ) ਨੇ 60 ਅਰਬ ਪਾਕਿਸਤਾਨੀ ਰੁਪਏ ਦੇ ਘੁਟਾਲੇ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਹੈੱਡਕੁਆਰਟਰ ਦੀ ਅਸਥਾਈ ਅਦਾਲਤ ਵਿੱਚ ਇੱਕ ਵਿਸ਼ੇਸ਼ NAB ਜੱਜ ਦੇ ਸਾਹਮਣੇ ਖਾਨ ਦੀ ਸੁਣਵਾਈ ਜਾਰੀ ਹੈ। ਇਸ ‘ਤੇ ਜਲਦੀ ਹੀ ਫੈਸਲਾ ਆ ਸਕਦਾ ਹੈ। ਐੱਨਏਬੀ ਨੇ 14 ਦਿਨਾਂ ਦਾ ਸਰੀਰਕ ਰਿਮਾਂਡ ਮੰਗਿਆ ਹੈ।
ਇਸਲਾਮਾਬਾਦ ‘ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਵਿਦੇਸ਼ੀ ਦੂਤਾਵਾਸਾਂ ਅਤੇ ਵਣਜ ਦੂਤਘਰਾਂ ਦੇ ਸਟਾਫ ਨੂੰ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਪਾਕਿਸਤਾਨ ਦੇ ਟੀਵੀ ਚੈਨਲ ‘ਦੁਨੀਆ ਨਿਊਜ਼’ ਮੁਤਾਬਕ ਪੂਰੇ ਦੇਸ਼ ‘ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਚਾਂਗ ਇਲਾਕੇ ‘ਚ ਪ੍ਰਮਾਣੂ ਕੇਂਦਰ ‘ਤੇ ਫੌਜ ਦੇ ਬਿਹਤਰੀਨ ਕਮਾਂਡੋ ਤਾਇਨਾਤ ਕੀਤੇ ਗਏ ਹਨ।












