ਨਵੀਂ ਦਿੱਲੀ, 17 ਸਤੰਬਰ 2024 – ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਮੇਨੇਈ ਨੇ ਦੋਸ਼ ਲਾਇਆ ਕਿ ਭਾਰਤ ਵਿੱਚ ਮੁਸਲਮਾਨ ਦੁਖੀ ਹਨ ਤਕਲੀਫ ਵਿਚ ਹਨ। ਖਮੇਨੇਈ ਨੇ ਸੋਮਵਾਰ (16 ਸਤੰਬਰ) ਨੂੰ ਟਵਿੱਟਰ ‘ਤੇ ਪੋਸਟ ਕਰਦੇ ਹੋਏ ਭਾਰਤ ਨੂੰ ਉਨ੍ਹਾਂ ਦੇਸ਼ਾਂ ‘ਚ ਸ਼ਾਮਲ ਕੀਤਾ, ਜਿੱਥੇ ਮੁਸਲਮਾਨ ਪੀੜਤ ਹਨ।
ਖਮੇਨੇਈ ਨੇ ਲਿਖਿਆ ਕਿ ਦੁਨੀਆ ਦੇ ਮੁਸਲਮਾਨਾਂ ਨੂੰ ਭਾਰਤ, ਗਾਜ਼ਾ ਅਤੇ ਮਿਆਂਮਾਰ ਵਿੱਚ ਰਹਿਣ ਵਾਲੇ ਮੁਸਲਮਾਨਾਂ ਦੇ ਦੁੱਖ ਤੋਂ ਅਣਜਾਣ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਉਨ੍ਹਾਂ ਦੇ ਦਰਦ ਨੂੰ ਨਹੀਂ ਸਮਝ ਸਕਦੇ ਤਾਂ ਤੁਸੀਂ ਮੁਸਲਮਾਨ ਨਹੀਂ ਹੋ।
ਖਮੇਨੇਈ ਦੀ ਇਸ ਟਿੱਪਣੀ ‘ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਪ੍ਰਤੀਕਿਰਿਆ ਦਿੱਤੀ ਹੈ। ਮੰਤਰਾਲੇ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਅਸੀਂ ਖਮੇਨੇਈ ਦੇ ਬਿਆਨ ਦੀ ਨਿੰਦਾ ਕਰਦੇ ਹਾਂ। ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਹ ਪੂਰੀ ਤਰ੍ਹਾਂ ਗੁੰਮਰਾਹਕੁੰਨ ਹੈ।
ਮੰਤਰਾਲੇ ਨੇ ਕਿਹਾ ਕਿ ਘੱਟ ਗਿਣਤੀਆਂ ਦੇ ਮੁੱਦੇ ‘ਤੇ ਟਿੱਪਣੀ ਕਰਨ ਵਾਲੇ ਦੇਸ਼ਾਂ ਨੂੰ ਪਹਿਲਾਂ ਆਪਣੇ ਰਿਕਾਰਡ ਨੂੰ ਦੇਖਣਾ ਚਾਹੀਦਾ ਹੈ। ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀ ਟਵਿੱਟਰ ‘ਤੇ ਬਿਆਨ ਸਾਂਝਾ ਕੀਤਾ।
ਖਮੇਨੇਈ ਨੇ ਪਹਿਲਾਂ ਵੀ ਭਾਰਤ ‘ਤੇ ਦੋਸ਼ ਲਗਾਇਆ ਸੀ। 2020 ਦੇ ਦਿੱਲੀ ਦੰਗਿਆਂ ਤੋਂ ਬਾਅਦ ਇਹ ਉਸ ਵੱਲੋਂ ਕਿਹਾ ਗਿਆ ਸੀ ਕਿ, “ਭਾਰਤ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਹੋਈ ਹੈ। ਪੂਰੀ ਦੁਨੀਆ ਦੇ ਮੁਸਲਮਾਨ ਇਸ ਸਮੇਂ ਸੋਗ ਵਿੱਚ ਹਨ। ਭਾਰਤ ਸਰਕਾਰ ਨੂੰ ਕੱਟੜ ਹਿੰਦੂਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਸਰਕਾਰ ਨੂੰ ਮੁਸਲਮਾਨਾਂ ਦੇ ਕਤਲੇਆਮ ਨੂੰ ਰੋਕਣਾ ਹੋਵੇਗਾ, ਨਹੀਂ ਤਾਂ ਇਸਲਾਮਿਕ ਸੰਸਾਰ ਉਨ੍ਹਾਂ ਨੂੰ ਛੱਡ ਦੇਵੇਗਾ।”
ਇਸ ਤੋਂ ਪਹਿਲਾਂ ਖਮੇਨੇਈ ਕਸ਼ਮੀਰ ਦੇ ਮੁੱਦੇ ‘ਤੇ ਵੀ ਕਈ ਵਾਰ ਵਿਵਾਦਿਤ ਬਿਆਨ ਦੇ ਚੁੱਕੇ ਹਨ। 2017 ਵਿੱਚ ਖਮੇਨੇਈ ਨੇ ਕਸ਼ਮੀਰ ਦੀ ਤੁਲਨਾ ਗਾਜ਼ਾ, ਯਮਨ ਅਤੇ ਬਹਿਰੀਨ ਨਾਲ ਕੀਤੀ ਸੀ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਕੁਝ ਦਿਨ ਬਾਅਦ 5 ਅਗਸਤ 2019 ਨੂੰ ਖਮੇਨੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ-”ਅਸੀਂ ਕਸ਼ਮੀਰ ‘ਚ ਮੁਸਲਮਾਨਾਂ ਦੀ ਸਥਿਤੀ ਨੂੰ ਲੈ ਕੇ ਚਿੰਤਤ ਹਾਂ। ਉਨ੍ਹਾਂ ਕਿਹਾ ਸੀ ਕਿ ਸਾਨੂੰ ਉਮੀਦ ਹੈ ਕਿ ਭਾਰਤ ਕਾਰਵਾਈ ਕਰੇਗਾ। ਕਸ਼ਮੀਰ ‘ਚ ਮੁਸਲਮਾਨਾਂ ‘ਤੇ ਅੱਤਿਆਚਾਰ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ।
ਸੋਮਵਾਰ ਨੂੰ ਟਵਿੱਟਰ ‘ਤੇ ਪੋਸਟ ਕਰਦੇ ਹੋਏ ਖਮੇਨੀ ਨੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਧਾਰਮਿਕ ਏਕਤਾ (ਇਸਲਾਮਿਕ ਉਮਾਹ) ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਦੀ ਇਕਜੁੱਟ ਪਛਾਣ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ। ਖਮੇਨੇਈ ਨੇ ਕਿਹਾ ਕਿ “ਇਸਲਾਮੀ ਉਮਾਹ ਇੱਕ ਬੁਨਿਆਦੀ ਮੁੱਦਾ ਹੈ, ਜੋ ਦੇਸ਼ਾਂ ਦੀਆਂ ਸਰਹੱਦਾਂ ਅਤੇ ਪਛਾਣਾਂ ਤੋਂ ਪਾਰ ਹੈ। ਬਹੁਤ ਸਾਰੇ ਲੋਕ ਇਸਲਾਮੀ ਸੰਸਾਰ ਅਤੇ ਖਾਸ ਕਰਕੇ ਈਰਾਨ ਵਿੱਚ ਧਾਰਮਿਕ ਮਤਭੇਦਾਂ ਨੂੰ ਵਧਾ ਰਹੇ ਹਨ।”