ਇਰਾਕ ਦੀ ਸੰਸਦ ਨੇ ਸਮਲਿੰਗੀ ਸਬੰਧਾਂ ਨੂੰ ਅਪਰਾਧੀ ਬਣਾਉਣ ਵਾਲਾ ਬਿੱਲ ਪਾਸ ਕਰ ਦਿੱਤਾ। ਬੀਬੀਸੀ ਨਿਊਜ਼ ਮੁਤਾਬਕ ਇਰਾਕ ਵਿੱਚ ਹੁਣ ਸਮਲਿੰਗੀ ਸਬੰਧ ਰੱਖਣ ਵਾਲਿਆਂ ਨੂੰ 10-15 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।
ਦੱਸ ਦਈਏ ਕਿ ਨਵੇਂ ਕਾਨੂੰਨ ਮੁਤਾਬਕ ਟਰਾਂਸਜੈਂਡਰ ਲੋਕਾਂ ਨੂੰ 3 ਸਾਲ ਤੱਕ ਦੀ ਜੇਲ ਵੀ ਹੋ ਸਕਦੀ ਹੈ। ਇਸ ਫੈਸਲੇ ਦਾ ਸਮਰਥਨ ਕਰਨ ਵਾਲਿਆਂ ਨੇ ਕਿਹਾ ਹੈ ਕਿ ਨਵੇਂ ਕਾਨੂੰਨ ਰਾਹੀਂ ਉਹ ਦੇਸ਼ ਵਿੱਚ ਧਾਰਮਿਕ ਭਾਵਨਾਵਾਂ ਦੀ ਰੱਖਿਆ ਕਰਨਗੇ।
ਦੱਸਿਆ ਜਾ ਰਿਹਾ ਹੈ ਕਿ ਅਲ ਜਜ਼ੀਰਾ ਦੇ ਅਨੁਸਾਰ, ਸਮਲਿੰਗੀ ਜਾਂ ਵੇਸਵਾਗਮਨੀ ਨੂੰ ਉਤਸ਼ਾਹਿਤ ਕਰਨ ਵਾਲੇ ਲੋਕਾਂ ਅਤੇ ਲਿੰਗ ਤਬਦੀਲੀ ਦੀਆਂ ਸਰਜਰੀਆਂ ਕਰਨ ਵਾਲੇ ਡਾਕਟਰਾਂ ਨੂੰ ਹੁਣ ਇਰਾਕ ਵਿੱਚ ਜੇਲ੍ਹ ਭੇਜਿਆ ਜਾਵੇਗਾ। ਇਸ ਤੋਂ ਇਲਾਵਾ, ਜਾਣ-ਬੁੱਝ ਕੇ ਔਰਤਾਂ ਵਰਗਾ ਵਿਵਹਾਰ ਕਰਨ ਵਾਲੇ ਅਤੇ ਪਤਨੀ ਦੀ ਅਦਲਾ-ਬਦਲੀ ਕਰਨ ਵਾਲੇ ਮਰਦਾਂ ਨੂੰ ਵੀ ਨਵੇਂ ਕਾਨੂੰਨ ਤਹਿਤ ਜੇਲ੍ਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨਾਲ ਹੀ ਸਮਲਿੰਗੀ ਸਬੰਧਾਂ ਨੂੰ ਬੜ੍ਹਾਵਾ ਦੇਣ ਵਾਲੇ ਲੋਕਾਂ ਲਈ 7 ਸਾਲ ਦੀ ਕੈਦ ਦੀ ਵਿਵਸਥਾ ਹੈ। ਦਰਅਸਲ, ਇਰਾਕ ਵਿੱਚ 1980 ਵਿੱਚ ਵੇਸਵਾਗਮਨੀ ਕਾਨੂੰਨ ਨੂੰ ਬਦਲਿਆ ਗਿਆ ਸੀ ਅਤੇ ਸਮਲਿੰਗੀ ਸਬੰਧਾਂ ਲਈ ਮੌਤ ਦੀ ਸਜ਼ਾ ਨੂੰ ਇਸ ਵਿੱਚ ਜੋੜਿਆ ਗਿਆ ਸੀ। ਇਸ ਫੈਸਲੇ ਦਾ ਅਮਰੀਕਾ ਸਮੇਤ ਕਈ ਪੱਛਮੀ ਦੇਸ਼ਾਂ ਨੇ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਇਸ ‘ਚ ਫਿਰ ਤੋਂ ਬਦਲਾਅ ਕੀਤੇ ਗਏ ਹਨ।
ਇਰਾਕੀ ਸਾਂਸਦ ਅਮੀਰ-ਅਲ-ਮਾਮੂਰੀ ਨੇ ਸ਼ਫਾਕ ਨਿਊਜ਼ ਨੂੰ ਦੱਸਿਆ ਕਿ ਇਸਲਾਮਿਕ ਅਤੇ ਸਮਾਜਿਕ ਕਦਰਾਂ-ਕੀਮਤਾਂ ਦੇ ਖਿਲਾਫ ਜਾਣ ਵਾਲਿਆਂ ‘ਤੇ ਲਗਾਮ ਲਗਾਉਣ ਲਈ ਇਹ ਕਾਨੂੰਨ ਬਹੁਤ ਮਹੱਤਵਪੂਰਨ ਹੈ। ਇਸ ਬਿੱਲ ਨੂੰ ਅਪ੍ਰੈਲ ਦੇ ਸ਼ੁਰੂ ‘ਚ ਪਾਸ ਕੀਤਾ ਜਾਣਾ ਸੀ, ਪਰ ਇਰਾਕੀ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਦੇ ਅਮਰੀਕਾ ਦੌਰੇ ਕਾਰਨ ਇਸ ਨੂੰ ਟਾਲ ਦਿੱਤਾ ਗਿਆ।
ਦੱਸ ਦਈਏ ਕਿ ਅਮਰੀਕਾ ਅਤੇ ਯੂਰਪੀ ਸੰਘ ਨੇ ਇਰਾਕ ਵਿੱਚ ਪਾਸ ਕੀਤੇ ਗਏ ਨਵੇਂ ਕਾਨੂੰਨ ਦਾ ਵਿਰੋਧ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਇਹ ਕਾਨੂੰਨ ਮਨੁੱਖੀ ਅਧਿਕਾਰਾਂ ਲਈ ਖਤਰਾ ਹੈ। ਇਸ ਨਾਲ ਇਰਾਕ ਦੀ ਆਰਥਿਕਤਾ ਅਤੇ ਵਿਦੇਸ਼ੀ ਨਿਵੇਸ਼ ਵੀ ਪ੍ਰਭਾਵਿਤ ਹੋਵੇਗਾ।
ਨਾਲ ਹੀ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਕੈਮਰੂਨ ਨੇ ਇਸ ਕਾਨੂੰਨ ਨੂੰ ਖਤਰਨਾਕ ਅਤੇ ਚਿੰਤਾਜਨਕ ਦੱਸਿਆ ਹੈ। ਉਨ੍ਹਾਂ ਕਿਹਾ, “ਕਿਸੇ ਵੀ ਵਿਅਕਤੀ ਨੂੰ ਉਸ ਦੀ ਪਛਾਣ ਦੇ ਆਧਾਰ ‘ਤੇ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ। ਅਸੀਂ ਇਰਾਕ ਦੀ ਸਰਕਾਰ ਨੂੰ ਲੋਕਾਂ ਦੇ ਮਨੁੱਖੀ ਅਧਿਕਾਰਾਂ ਅਤੇ ਆਜ਼ਾਦੀਆਂ ਦੀ ਰੱਖਿਆ ਕਰਨ ਦੀ ਅਪੀਲ ਕਰਦੇ ਹਾਂ।”
ਹਿਊਮਨ ਰਾਈਟਸ ਵਾਚ ਦੀ 2022 ਦੀ ਰਿਪੋਰਟ ਦੇ ਅਨੁਸਾਰ, ਇਰਾਕ ਵਿੱਚ ਲੰਬੇ ਸਮੇਂ ਤੋਂ LGBTQ ਭਾਈਚਾਰੇ ਨੂੰ ਸਤਾਇਆ ਜਾ ਰਿਹਾ ਹੈ। ਉਨ੍ਹਾਂ ਖਿਲਾਫ ਅਗਵਾ, ਬਲਾਤਕਾਰ, ਤਸ਼ੱਦਦ ਅਤੇ ਕਤਲ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਰਾਕੀ ਰਾਜਨੇਤਾ ਅਤੇ ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾ ਵੀ LGBTQ ਦੇ ਖਿਲਾਫ ਬਿਆਨ ਦਿੰਦੇ ਰਹਿੰਦੇ ਹਨ।
----------- Advertisement -----------
ਸਮਲਿੰਗੀ ਸਬੰਧਾਂ ਨੂੰ ਲੈ ਕੇ ਸਖਤ ਹੋਇਆ ਇਰਾਕ, ਐਲਾਨਿਆ ਅਪਰਾਧ, 15 ਸਾਲ ਦੀ ਸਜ਼ਾ
Published on
----------- Advertisement -----------
----------- Advertisement -----------












