ਅਕਤੂਬਰ 2021 ਤੋਂ ਤੱਟਵਰਤੀ ਅਤੇ ਦੱਖਣ-ਪੂਰਬੀ ਕੀਨੀਆ ਦੇ ਕੁਝ ਖੇਤਰਾਂ ਵਿੱਚ 1981 ਸਭ ਤੋਂ ਘੱਟ ਬਾਰਿਸ਼ ਰਿਪੋਰਟ ਕੀਤੀ ਗਈ ਹੈ ਜਿਸ ਨਾਲ ਉਥੇ ਸੋਕੇ ਦੇ ਹਾਲਾਤ ਪੈਦਾ ਹੋ ਗਏ ਹਨ। ਸੋਕੇ ਨਾਲ ਫਸਲਾਂ ਦੇ ਉਤਪਾਦਨ ਵਿੱਚ ਬਹੁਤ ਰੁਕਾਵਟ ਪਾਈ ਗਈ ਹੈ ਅਤੇ ਲਗਭਗ 2.4 ਮਿਲੀਅਨ ਭੋਜਨ ਲਈ ਸੰਘਰਸ਼ ਕਰ ਰਹੇ ਹਨ। ਸੋਕੇ ਨੇ ਪਸ਼ੂ ਧਨ ਨੂੰ ਵੀ ਬਹੁਤ ਨੁਕਸਾਨ ਪਹੁੰਚਾਇਆ ਹੈ।ਦੇਸ਼ ‘ਚ ਸੋਕੇ ਦਾ ਅਸਰ ਉਥੋਂ ਦੇ ਜਰਾਫ਼ਾਂ ਉੱਤੇ ਵੀ ਪਿਆ ਹੈ। ਭੁੱਖ-ਪਿਆਸ ਨਾਲ ਮਰੇ ਹੋਏ ਕੁਝ ਜਰਾਫ਼ਾਂ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਕੀਨੀਆ ਦੇ ਉੱਤਰ-ਪੂਰਬੀ ਸ਼ਹਿਰ ਵਜ਼ੀਰ ‘ਚ ਸਾਬੁਲੀ ਵਾਈਲਡ ਲਾਈਫ਼ ਸੈਂਚੁਰੀ ਦੇ ਅੰਦਰ 6 ਜਿਰਾਫ਼ ਮਰ ਗਏ ਹਨ।

ਇਹ ਤਸਵੀਰਾਂ ਭੋਜਨ ਤੇ ਪਾਣੀ ਦੀ ਘਾਟ ਕਾਰਨ ਕਮਜ਼ੋਰ ਹੋਏ ਜਿਰਾਫ਼ਾਂ ਦੀ ਮੌਤ ਤੋਂ ਬਾਅਦ ਲਈਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜਿਰਾਫ਼ ਨੇੜੇ ਦੇ ਲਗਪਗ ਸੁੱਕ ਚੁੱਕੇ ਟੋਭੇ ਦਾ ਪਾਣੀ ਪੀਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਉਹ ਚਿੱਕੜ ‘ਚ ਫਸ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਥੋਂ ਉਨ੍ਹਾਂ ਦੀਆਂ ਲਾਸ਼ਾਂ ਨੂੰ ਕਿਸੇ ਹੋਰ ਥਾਂ ‘ਤੇ ਲਿਜਾਇਆ ਗਿਆ, ਜਿੱਥੇ ਇਹ ਤਸਵੀਰਾਂ ਲਈਆਂ ਗਈਆਂ। ਟੋਭਿਆਂ ਦੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਲਾਸ਼ਾਂ ਨੂੰ ਉਥੋਂ ਹਟਾ ਦਿੱਤਾ ਗਿਆ ਹੈ।