ਐਸ.ਆਈ.ਟੀ ਦੀ ਜਾਂਚ ਵਿੱਚ ਕਿਸਾਨਾਂ ਨੂੰ ਵਾਹਨ ਨਾਲ ਕੁਚਲਣ ਦੀ ਪੂਰੀ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਕਹਿਣ ਤੋਂ ਬਾਅਦ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਸਣੇ 14 ਲੋਕਾਂ ਉਪਰ ਗੈਰ ਇਰਾਦਾ ਕਤਲ ਕੇਸ ਦੀ ਬਜਾਏ ਹੱਤਿਆ ਦਾ ਕੇਸ ਚੱਲ ਰਿਹਾ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਸਦਰ ਦੇ ਵਿਧਾਇਕ ਯੋਗੇਸ਼ ਵਰਮਾ ਨਾਲ ਜੇਲ੍ਹ ਪਹੁੰਚੇ। ਜੇਲ੍ਹ ਦੇ ਅੰਦਰ ਜਾ ਕੇ ਉਨ੍ਹਾਂ ਨੇ ਆਪਣੇ ਪੁੱਤਰ ਆਸ਼ੀਸ਼ ਮਿਸ਼ਰਾ ਨਾਲ ਮੁਲਾਕਾਤ ਕੀਤੀ।

ਅਜੈ ਮਿਸ਼ਰਾ ਟੇਨੀ ਅੱਧੇ ਕੁ ਘੰਟੇ ਬਾਅਦ ਬਾਹਰ ਆਏ। ਉਸ ਸਮੇਂ ਜੇਲ੍ਹ ਦੇ ਬਾਹਰ ਮੀਡੀਆ ਕਰਮਚਾਰੀ ਵੀ ਮੌਜੂਦ ਸਨ। ਉਨ੍ਹਾਂ ਮੰਤਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਾਹਲੀ-ਕਾਹਲੀ ਆਪਣੀ ਕਾਰ ‘ਚ ਬੈਠ ਕੇ ਨਿਕਲ ਗਏ।

ਦੱਸਣਯੋਗ ਹੈ ਕਿ ਹਿੰਸਾ ‘ਚ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਦੀ ਮੌਤ ਦੇ ਮਾਮਲੇ ‘ਚ ਜੇਲ ‘ਚ ਬੰਦ ਭਾਜਪਾ ਮੈਂਬਰ ਸੁਮਿਤ ਜੈਸਵਾਲ ਦੀ ਜ਼ਮਾਨਤ ਅਰਜ਼ੀ ‘ਤੇ ਅੱਜ ਬੁੱਧਵਾਰ ਨੂੰ ਜ਼ਿਲ੍ਹਾ ਜੱਜ ਦੀ ਅਦਾਲਤ ‘ਚ ਸੁਣਵਾਈ ਹੋਵੇਗੀ। ਸੀਜੇਐੱਮ ਦੀ ਅਦਾਲਤ ਵੱਲੋਂ ਜ਼ਮਾਨਤ ਦੀ ਅਰਜ਼ੀ ਖਾਰਜ ਹੋਣ ਮਗਰੋਂ ਸੁਮਿਤ ਜੈਸਵਾਲ ਨੇ 27 ਨਵੰਬਰ ਨੂੰ ਜ਼ਿਲ੍ਹਾ ਜੱਜ ਦੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਖ਼ਲ ਕੀਤੀ ਸੀ।