ਕਾਂਗਰਸ ਤੋਂ ਮੋਹ ਭੰਗ ਵਾਲੇ ਹਿੰਦੂ ਨੇਤਾਵਾਂ ਦਾ ਪਾਰਟੀ ਛੱਡ ਕੇ ਜਾਣ ਦਾ ਸਿਲਸਿਲਾ ਜਾਰੀ ਹੈ। ਪਾਰਟੀ ਦੇ ਕਰੀਬ ਡੇਢ ਦਰਜਨ ਵਿਧਾਇਕ, ਸੰਸਦ ਮੈਂਬਰ ਅਜਿਹੇ ਹਨ ਜੋ ਟਿਕਟ ਲਈ ਭਾਜਪਾ ਸਮੇਤ ਵੱਖ-ਵੱਖ ਪਾਰਟੀਆਂ ਨਾਲ ਸੰਪਰਕ ਬਣਾਈ ਬੈਠੇ ਹਨ। ਇਹ ਨੇਤਾ ਚੋਣ ਜ਼ਾਬਤਾ ਲੱਗਣ ਦੀ ਉਡੀਕ ’ਚ ਹਨ। ਭਾਜਪਾ ਦੇ ਕੇਂਦਰੀ ਸੂਤਰਾਂ ਅਨੁਸਾਰ ਇਸ ਮਹੀਨੇ ਪੰਜਾਬ ’ਚ ਜਾਤੀ ਧਰੁਵੀਕਰਨ ਦਾ ਵੱਡਾ ਧਮਾਕਾ ਹੋਣ ਦੀ ਤਿਆਰੀ ਹੈ ਤੇ ਸੂਬੇ ’ਚ ਜ਼ਾਬਤਾ ਲੱਗਦੇ ਹੀ ਭਾਜਪਾ ਦੀ ਇਕ ਟੀਮ ਪੰਜਾਬ ’ਚ ਮੋਰਚਾ ਸੰਭਾਲ ਲਵੇਗੀ। ਸਿਰਫ ਹਿੰਦੂ ਹੀ ਨਹੀਂ ਸਗੋਂ ਅਨੇਕ ਸਿੱਖ ਕਾਂਗਰਸੀ ਨੇਤਾ ਵੀ ਹੋਰ ਰੰਗਮੰਚ ਤਲਾਸ਼ ਰਹੇ ਹਨ।
ਇਸ ਗੱਲ ਨੂੰ ਲੈ ਕੇ ਸ਼ੰਕਾ ’ਚ ਡੁੱਬੀ ਕਾਂਗਰਸ ਹੋਰ ਪਾਰਟੀਆਂ ਵਿਰੁੱਧ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਦੇਰ ਤੱਕ ਲਟਕਾ ਸਕਦੀ ਹੈ। ਪਹਿਲਾਂ ਤੋਂ ਹੀ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਨਿਰਾਸ਼ ਹਿੰਦੂ ਵੋਟ ਬੈਂਕ ਨੂੰ ਉਦੋਂ ਵੀ ਝਟਕਾ ਲੱਗਾ ਸੀ ਜਦੋਂ ਕਾਂਗਰਸ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਮੁੱਖ ਮੰਤਰੀ ਦੇ ਨਵੇਂ ਚਿਹਰੇ ਦੀ ਕਵਾਇਦ ਚੱਲ ਰਹੀ ਸੀ। ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ’ਚੋਂ ਮੁੱਖ ਮੰਤਰੀ ਲਈ ਇਕ ਦਾ ਨਾਂ ਲੱਗਭਗ ਤੈਅ ਹੋਣ ਦੀ ਹਾਲਤ ’ਚ ਸੀ ਕਿ ਕਾਂਗਰਸ ਆਲਾ ਕਮਾਨ ਦੀ ਕਿਚਨ ਕੈਬਨਿਟ ਦੀ ਮੈਂਬਰ ਅੰਬਿਕਾ ਸੋਨੀ ਨੇ ਇਹ ਕਹਿ ਕੇ ਪੰਜਾਬ ਦੇ ਹਿੰਦੂਆਂ ’ਤੇ ਬੰਬ ਸੁੱਟ ਦਿੱਤਾ ਕਿ ਪੰਜਾਬ ਦਾ ਮੁੱਖ ਮੰਤਰੀ ਕੋਈ ਸਿੱਖ ਹੀ ਹੋ ਸਕਦਾ ਹੈ। ਅੰਬਿਕਾ ਸੋਨੀ ਦੀ ਇਸ ਗੱਲ ’ਤੇ ਗੈਰ -ਕਾਂਗਰਸੀ ਨੇਤਾਵਾਂ ਤੋਂ ਇਲਾਵਾ ਕਾਂਗਰਸ ਦੇ ਨੇਤਾਵਾਂ ’ਚੋਂ ਇਕ ਸੁਨੀਲ ਜਾਖੜ ਦੀ ਗੰਭੀਰ ਪ੍ਰਤੀਕਿਰਿਆ ਸੀ ਕਿ ਕਾਂਗਰਸ ਦੇ ਨੇਤਾ ਜਿਸ ਜਾਤੀਵਾਦ ਨੂੰ ਹਵਾ ਦੇ ਰਹੇ ਹਨ ਉਹ ਕਾਂਗਰਸ ਲਈ ਘਾਤਕ ਹੋਵੇਗਾ ।
ਉਨ੍ਹਾਂ ਦਾ ਕਹਿਣਾ ਸੀ ਕਿ ਯੋਗਤਾ ਨੂੰ ਛੱਡ ਕੇ ਜਾਤੀਵਾਦ ਦੇ ਆਧਾਰ ’ਤੇ ਕਾਂਗਰਸ ਦਾ ਪੱਖ ਦੁਖਦ ਹੈ । ਉਨ੍ਹਾਂ ਸਵਾਲ ਵੀ ਕੀਤਾ ਸੀ ਕਿ ਜੇਕਰ ਅਜਿਹਾ ਹੀ ਸੀ ਤਾਂ ਸਿਰਫ ਦੋ ਫ਼ੀਸਦੀ ਸਿੱਖ ਜਨਸੰਖਿਆ ਵਾਲੇ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਕਿਉਂ ਬਣਾਉਣਾ ਸੀ। ਕਾਂਗਰਸ ਵੱਲੋਂ ਅੰਬਿਕਾ ਸੋਨੀ ਦੇ ਇਸ ਬਿਆਨ ’ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਤਾਂ ਪੰਜਾਬ ਦੇ ਹਿੰਦੂਆਂ ਨੇ ਤੇ ਕਾਂਗਰਸ ’ਚ ਬੈਠੇ ਹਿੰਦੂ ਨੇਤਾਵਾਂ ਤੇ ਵਿਧਾਇਕਾਂ ਨੇ ਇਸ ਨੂੰ ਕਾਂਗਰਸ ਦੀ ਨੀਤੀ ਮੰਨ ਲਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਲਗਾਤਾਰ ਨਾਰਾਜ਼ਗੀ ਭਰੇ ਟਵੀਟ, ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਦੇ ਗੰਭੀਰ ਟਵੀਟ ਸੰਕੇਤ ਦੇ ਰਹੇ ਹੈ ਕਿ ਕਾਂਗਰਸ ’ਚ ਹੁਣ ਹਿੰਦੂ ਘੁਟਨ ਮਹਿਸੂਸ ਕਰ ਰਹੇ ਹਨ । ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਬਟਾਲਾ ਤੋਂ ਕਾਂਗਰਸੀ ਹਿੰਦੂ ਨੇਤਾ ਅਸ਼ਵਨੀ ਸੇਖੜੀ ਦਾ ਬਗਾਵਤ ਕਰਨਾ ਤੇ ਸਰਕਾਰ ਵੱਲੋਂ ਉਸ ਨੂੰ ਮਨਾਉਣਾ ਹਿੰਦੂਆਂ ਨੂੰ ਨਜ਼ਰ-ਅੰਦਾਜ਼ ਕਰਨ ਦਾ ਮਾਮਲਾ ਸੀ ।
ਹੁਣ ਮੁੱਖ ਮੰਤਰੀ ਤਬਦੀਲੀ ਤੋਂ ਬਾਅਦ ਗੁਰਦਾਸਪੁਰ ’ਚ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤਾਂ ਅਸ਼ਵਨੀ ਸੇਖੜੀ ਵਿਚਕਾਰ ਟਕਰਾਅ ਵਾਲੀ ਬਿਆਨਬਾਜ਼ੀ ਉਸੇ ਦੀ ਅਗਲੀ ਲੜੀ ਹੈ । ਗੁਰਦਾਸਪੁਰ ਤੋਂ ਹੀ ਕਾਂਗਰਸ ਦੇ ਸੀਨੀਅਰ ਨੇਤਾ ਰਮਨ ਬਹਿਲ ਵੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਚੁੱਕੇ ਹਨ । ਗੁਰਦਾਸਪੁਰ ਦੇ ਇਕ ਹਿੰਦੂ ਨੇਤਾ ਨੇ ਤਾਂ ‘ਆਪ’, ਭਾਜਪਾ, ਅਕਾਲੀ ਦਲ ਤੇ ਪੰਜਾਬ ਲੋਕ ਕਾਂਗਰਸ ਨਾਲ ਸੰਪਰਕ ਬਣਾਇਆ ਹੋਇਆ ਹੈ