ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦਾ ਭਾਰ ਫਿਰ ਵਧ ਗਿਆ ਹੈ। ਇਸ ਕਾਰਨ ਉਹ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਪੀੜਤ ਹਨ। ਦੱਖਣੀ ਕੋਰੀਆ ਦੀ ਖੁਫੀਆ ਏਜੰਸੀ ਨੈਸ਼ਨਲ ਇੰਟੈਲੀਜੈਂਸ ਸਰਵਿਸ ਨੇ ਬੀਤੇ ਸੋਮਵਾਰ ਨੂੰ ਕਿਹਾ ਕਿ ਉੱਤਰੀ ਕੋਰੀਆ ਦੇ ਅਧਿਕਾਰੀ ਕਿਮ ਨੂੰ ਭਾਰ ਘਟਾਉਣ ਵਿੱਚ ਮਦਦ ਲਈ ਵਿਦੇਸ਼ਾਂ ਵਿੱਚ ਦਵਾਈਆਂ ਦੀ ਖੋਜ ਕਰ ਰਹੇ ਹਨ।
ਦੱਸ ਦਈਏ ਕਿ 40 ਸਾਲਾ ਕਿਮ ਜੋਂਗ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹਨ ਅਤੇ ਸਿਗਰਟ ਵੀ ਪੀਂਦੇ ਹਨ। ਰਿਪੋਰਟ ਮੁਤਾਬਕ ਉਸ ਦਾ ਭਾਰ 140 ਕਿਲੋ ਤੱਕ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 2021 ਵਿੱਚ ਕਿਮ ਨੇ ਆਪਣੀ ਡਾਈਟ ਵਿੱਚ ਬਦਲਾਅ ਕਰਕੇ ਆਪਣਾ ਭਾਰ ਘਟਾਇਆ ਸੀ। ਵਧਦੇ ਭਾਰ ਕਾਰਨ ਕਿਮ ਜੋਂਗ ਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਗਿਆ ਹੈ।
ਅਸਲ ਵਿੱਚ, ਉਸ ਦੇ ਪਰਿਵਾਰ ਦੇ ਲੋਕ ਪਹਿਲਾਂ ਵੀ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਸਨ। ਇਸ ਕਾਰਨ ਕਿਮ ਦੇ ਪਿਤਾ ਅਤੇ ਦਾਦਾ ਦੋਵਾਂ ਦੀ ਮੌਤ ਹੋ ਗਈ ਸੀ। ਕਿਮ ਦੇ ਪਿਤਾ ਕਿਮ ਜੋਂਗ ਇਲ ਦੀ 2011 ਵਿੱਚ 70 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਥੇ ਹੀ ਉੱਤਰੀ ਕੋਰੀਆ ਦੇ ਸੰਸਥਾਪਕ ਅਤੇ ਕਿਮ ਦੇ ਦਾਦਾ ਕਿਮ ਇਲ ਸੁੰਗ ਦੀ ਵੀ 82 ਸਾਲ ਦੀ ਉਮਰ ‘ਚ 1994 ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਦੱਖਣੀ ਕੋਰੀਆ ਦੇ ਸੰਸਦ ਮੈਂਬਰ ਲੀ ਸੇਓਂਗ ਕਵਾਨ ਨੇ ਕਿਹਾ ਕਿ ਕਿਮ ਦਾ ਕੱਦ 5 ਫੁੱਟ 8 ਇੰਚ ਹੈ। ਉਸ ਦੀ ਸਿਹਤ ਨੂੰ ਦੇਖਦੇ ਹੋਏ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਉਹ ਜਲਦੀ ਹੀ ਕਿਸੇ ਦਿਲ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਵੇਗਾ।
ਨਾਲ ਹੀ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਅਜੇ ਤੱਕ ਦੇਸ਼ ਦੀ ਸੱਤਾ ਸੰਭਾਲਣ ਲਈ ਆਪਣਾ ਉੱਤਰਾਧਿਕਾਰੀ ਨਹੀਂ ਨਿਯੁਕਤ ਕੀਤਾ ਹੈ। ਹਾਲਾਂਕਿ ਕਈ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਕਿਮ ਆਪਣੀ ਬੇਟੀ ਕਿਮ ਜੂ ਏ ਨੂੰ ਆਪਣਾ ਉੱਤਰਾਧਿਕਾਰੀ ਬਣਾਉਣਗੇ। ਇਸ ਦੇ ਲਈ ਉਨ੍ਹਾਂ ਨੇ ਆਪਣੀ ਬੇਟੀ ਨੂੰ ਟਰੇਨਿੰਗ ਵੀ ਸ਼ੁਰੂ ਕਰ ਦਿੱਤੀ ਹੈ।
ਇਸਤੋਂ ਇਲਾਵਾ ਕਿਮ ਆਪਣੀ ਧੀ ਨੂੰ ਵੱਖ-ਵੱਖ ਸਮਾਗਮਾਂ ਵਿੱਚ ਲੈ ਜਾਂਦਾ ਹੈ। ਉੱਤਰੀ ਕੋਰੀਆ ਦੇ ਮਿਜ਼ਾਈਲ ਲਾਂਚਿੰਗ ਨਾਲ ਜੁੜੇ ਕਈ ਪ੍ਰੋਗਰਾਮਾਂ ‘ਚ ਕਿਮ ਜੂ ਨੂੰ ਤਾਨਾਸ਼ਾਹ ਨਾਲ ਵੀ ਦੇਖਿਆ ਜਾ ਚੁੱਕਾ ਹੈ। ਹਾਲਾਂਕਿ ਕਿਮ ਦੀ ਥਾਂ ਲੈਣ ਦੀ ਦੌੜ ‘ਚ ਉਨ੍ਹਾਂ ਦੀ ਭੈਣ ਕਿਮ ਯੋ ਜੋਂਗ ਦਾ ਨਾਂ ਵੀ ਸ਼ਾਮਲ ਹੈ।
ਯੋ ਜੋਂਗ ਕਿਮ ਨਾਲੋਂ ਵੀ ਜ਼ਿਆਦਾ ਹਮਲਾਵਰ ਹਨ। ਉਹ 2014 ਤੋਂ ਉੱਤਰੀ ਕੋਰੀਆ ਦੇ ਪ੍ਰਚਾਰ ਅਤੇ ਅੰਦੋਲਨ ਵਿਭਾਗ ਦੀ ਪ੍ਰਧਾਨ ਬਣੀ। 2017 ਵਿੱਚ, ਉਸਨੂੰ ਪੋਲਿਟ ਬਿਊਰੋ ਦਾ ਮੈਂਬਰ ਬਣਾਇਆ ਗਿਆ ਸੀ। ਇਹ ਸਿਖਰ ਸੰਸਥਾ ਉੱਤਰੀ ਕੋਰੀਆ ਨਾਲ ਸਬੰਧਤ ਸਾਰੇ ਵੱਡੇ ਫੈਸਲੇ ਲੈਂਦੀ ਹੈ।
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਬਹੁਤ ਜ਼ਿਆਦਾ ਸਿਗਰਟ ਪੀਣ ਲਈ ਮਸ਼ਹੂਰ ਹਨ। 2019 ਵਿੱਚ, ਟਰੰਪ ਨਾਲ ਇੱਕ ਸਿਖਰ ਵਾਰਤਾ ਲਈ ਵੀਅਤਨਾਮ ਜਾਂਦੇ ਸਮੇਂ, ਕਿਮ ਜੋਂਗ ਨੂੰ ਰੇਲਗੱਡੀ ਵਿੱਚ ਸਿਗਰੇਟ ਪੀਂਦੇ ਦੇਖਿਆ ਗਿਆ ਸੀ। ਮਈ 2022 ਵਿੱਚ, ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਨੂੰ ਉੱਤਰੀ ਕੋਰੀਆ ਨੂੰ ਤੰਬਾਕੂ ਦੇ ਨਿਰਯਾਤ ‘ਤੇ ਪਾਬੰਦੀ ਲਗਾਉਣ ਲਈ ਕਿਹਾ ਸੀ। ਹਾਲਾਂਕਿ ਰੂਸ ਅਤੇ ਚੀਨ ਨੇ ਇਸ ਨੂੰ ਵੀਟੋ ਕਰ ਦਿੱਤਾ ਸੀ।












