ਸਾਊਦੀ ਅਰਬ ‘ਚ ਔਰਤਾਂ ਦੇ ਡਰਾਈਵਿੰਗ ‘ਤੇ ਲੱਗੀ ਪਾਬੰਦੀ ਚਾਰ ਸਾਲ ਪਹਿਲਾਂ ਹੀ ਹਟਾਈ ਗਈ ਸੀ। ਹੁਣ ਬਹੁਤ ਜਲਦੀ ਇੱਥੇ ਦੀਆਂ ਔਰਤਾਂ ਬੁਲੇਟ ਟਰੇਨ ਚਲਾਉਂਦੀਆਂ ਨਜ਼ਰ ਆਉਣਗੀਆਂ। ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਦੇ ਵਿਜ਼ਨ-2030 ਤਹਿਤ ਔਰਤਾਂ ਦਾ ਇਹ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ। ਸਾਊਦੀ ਅਰਬ ਰੇਲਵੇ (SAR) ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਇਨ੍ਹਾਂ ਮਹਿਲਾ ਬੁਲੇਟ ਟਰੇਨ ਡਰਾਈਵਰਾਂ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਗਿਆ ਹੈ। 32 ਔਰਤਾਂ ਦੇ ਪਹਿਲੇ ਬੈਚ ਨੇ ਸਿਖਲਾਈ ਪੂਰੀ ਕਰ ਲਈ ਹੈ। ਉਨ੍ਹਾਂ ਦੀ ਪਹਿਲੀ ਮੁਲਾਕਾਤ ਮੱਕਾ-ਮਦੀਨਾ ਵਿਚਾਲੇ ਚੱਲਣ ਵਾਲੀ ਬੁਲੇਟ ਟਰੇਨ ‘ਚ ਹੋਈ ਹੈ।
ਸਾਊਦੀ ਅਰਬ ਰੇਲਵੇ ਨੇ ਸੋਸ਼ਲ ਮੀਡੀਆ ‘ਤੇ 32 ਮਹਿਲਾ ਰੇਲ ਡਰਾਈਵਰਾਂ ਦੀ ਸਿਖਲਾਈ ਪੂਰੀ ਹੋਣ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਇੱਕ ਵੀਡੀਓ ਵੀ ਸ਼ੇਅਰ ਕੀਤਾ ਗਿਆ। ਇਸ ਵਿੱਚ ਇਹ ਔਰਤਾਂ ਆਪਣੇ ਪੁਰਸ਼ ਸਾਥੀਆਂ ਨਾਲ ਨਜ਼ਰ ਆ ਰਹੀਆਂ ਹਨ। ਇਹ ਵੀਡੀਓ ਨਵੇਂ ਸਾਲ ਦੇ ਪਹਿਲੇ ਦਿਨ ਜਾਰੀ ਕੀਤਾ ਗਿਆ ਹੈ। ਇਸ ਵਿੱਚ ਇੱਕ ਮਹਿਲਾ ਡਰਾਈਵਰ ਕਹਿੰਦੀ ਹੈ – ਅਸੀਂ ਇਸ ਪ੍ਰੋਜੈਕਟ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਸਾਨੂੰ ਮਾਣ ਹੈ ਕਿ ਸਾਨੂੰ ਇਹ ਮੌਕਾ ਮਿਲਿਆ ਹੈ। ਟ੍ਰੇਨਿੰਗ ਤੋਂ ਬਾਅਦ ਹੁਣ ਇਸ ਬੈਚ ਦੀਆਂ ਔਰਤਾਂ 453 ਕਿਲੋਮੀਟਰ ਲੰਬੀ ਹਰਮਨ ਹਾਈ ਸਪੀਡ ਲਾਈਨ ‘ਤੇ ਬੁਲੇਟ ਟਰੇਨ ਚਲਾਉਂਦੀਆਂ ਨਜ਼ਰ ਆਉਣਗੀਆਂ। ਇਹ ਲਾਈਨ ਮੱਕਾ ਅਤੇ ਮਦੀਨਾ ਨੂੰ ਜੋੜਦੀ ਹੈ।












