ਆਰ. ਟੀ. ਪੀ. ਸੀ. ਆਰ. ਟੈਸਟ ਤੇ ਕੋਰੋਨਾ ਵੈਕਸੀਨੇਸ਼ਨ ਦੇ ਨਾਮ ’ਤੇ ਬਿਹਾਰ ਦੇ ਅਰਵਲ ਜ਼ਿਲ੍ਹੇ ਦੀ ਕਰਪੀ ਏ. ਪੀ. ਐੱਚ. ਸੀ. ’ਚ ਵੱਡਾ ਫਰਜ਼ੀਵਾੜਾ ਸਾਹਮਣੇ ਆਇਆ ਹੈ। ਇਥੇ ਵੈਕਸੀਨ ਲੈਣ ਵਾਲਿਆਂ ਦੀ ਸੂਚੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਫ਼ਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ ਵਰਗੇ ਲੋਕਾਂ ਦੇ ਨਾਮ ਸ਼ਾਮਲ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੋ ਡਾਟਾ ਆਪਰੇਟਰਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਹਟਾਏ ਗਏ ਆਪਰੇਟਰਾਂ ਦਾ ਕਹਿਣਾ ਹੈ ਕਿ ਸਿਹਤ ਪ੍ਰਬੰਧਕ ਦੇ ਦਬਾਅ ’ਚ ਉਨ੍ਹਾਂ ਲੋਕਾਂ ਨੇ ਅਜਿਹਾ ਕੀਤਾ। ਇਹ ਧੋਖਾਧੜੀ ਕੋਰੋਨਾ ਵੈਕਸੀਨ ਲੈਣ ਵਾਲਿਆਂ ਤੇ ਆਰ. ਟੀ. ਪੀ. ਸੀ. ਆਰ. ਟੈਸਟ ਦੇ ਨਾਂ ’ਤੇ ਕੀਤੀ ਗਈ ਹੈ। ਲਿਸਟ ’ਚ ਕਈ ਅਜਿਹੇ ਨਾਂ ਹਨ, ਜਿਨ੍ਹਾਂ ਨੂੰ ਦੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ। ਹਟਾਏ ਗਏ ਆਪਰੇਟਰ ਵਿਨੈ ਕੁਮਾਰ ਨੇ ਦੱਸਿਆ ਕਿ ਉਹ ਸ਼ਹਿਰ ਦੇ ਤੇਲਪਾ ਏ. ਪੀ. ਐੱਚ. ਸੀ. ’ਚ ਕੰਮ ਕਰਦਾ ਹੈ।
ਉਸ ਨੇ ਇਸ ਲਈ ਸਿਹਤ ਪ੍ਰਬੰਧਕ ਨੂੰ ਜ਼ਿੰਮੇਵਾਰ ਠਹਿਰਾਇਆ। ਉਨਾਂ ਕਿਹਾ ਕਿ ਉਨ੍ਹਾਂ ਨੂੰ ਡਾਟਾ ਵੀ ਨਹੀਂ ਦਿੱਤਾ ਗਿਆ ਤੇ ਸਿਹਤ ਪ੍ਰਬੰਧਕ ਉਨ੍ਹਾਂ ’ਤੇ ਜ਼ਬਰਦਸਤੀ ਐਂਟਰੀ ਪਾਉਣ ਲਈ ਦਬਾਅ ਪਾਉਂਦੇ ਸਨ। ਇਕ ਹੋਰ ਡਾਟਾ ਆਪਰੇਟਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਜੋ ਡਾਟਾ ਦਿੱਤਾ ਗਿਆ, ਉਨ੍ਹਾਂ ਦੀ ਐਂਟਰੀ ਕੀਤੀ ਹੈ। ਉਨ੍ਹਾਂ ’ਤੇ ਦਬਾਅ ਪਾਇਆ ਗਿਆ ਸੀ। ਜਦੋਂ ਮਾਮਲਾ ਸਿਖਰ ਤਕ ਗਿਆ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।