ਆਸਟ੍ਰੇਲੀਆ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵੱਡੇ ਅਜਗਰ (ਪਾਈਥਨ) ਨੇ 5 ਸਾਲ ਦੇ ਇੱਕ ਛੋਟੇ ਬੱਚੇ ‘ਤੇ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਅਜਗਰ ਨੇ ਬੱਚੇ ਦੀਆਂ ਲੱਤਾਂ ਨੂੰ ਕੱਸ ਕੇ ਫੜ ਲਿਆ ਅਤੇ ਫਿਰ ਸਵੀਮਿੰਗ ਪੂਲ ਵਿੱਚ ਛਾਲ ਮਾਰ ਦਿੱਤੀ। ਬਾਅਦ ਵਿੱਚ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਬੱਚੇ ਦੇ 76 ਸਾਲਾ ਦਾਦਾ ਅਤੇ ਉਸ ਦੇ ਪਿਤਾ ਨੇ ਮਿਲ ਕੇ ਬੱਚੇ ਦੀ ਜਾਨ ਬਚਾਈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਅਜਗਰ ਬੱਚੇ ਦੀ ਲੰਬਾਈ ਤੋਂ ਤਿੰਨ ਗੁਣਾ ਵੱਡਾ ਸੀ।
ਬੱਚੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬੀਊ ਬਲੇਕ ਘਰ ਵਿੱਚ ਸਵੀਮਿੰਗ ਕਰ ਰਿਹਾ ਸੀ। ਉੱਥੇ 10 ਫੁੱਟ ਲੰਬੇ ਅਜਗਰ ਨੇ ਉਸ ‘ਤੇ ਹਮਲਾ ਕਰ ਦਿੱਤਾ। ਉਸ ਦੇ ਪਿਤਾ ਬੇਨ ਨੇ ਸ਼ੁੱਕਰਵਾਰ ਦੀ ਘਟਨਾ ਬਾਰੇ ਮੈਲਬੋਰਨ ਰੇਡੀਓ ਸਟੇਸ਼ਨ 3AW ਨੂੰ ਦੱਸਿਆ। ਬੱਚੇ ਦਾ ਪਰਿਵਾਰ ਨਿਊ ਸਾਊਥ ਵੇਲਜ਼ ਦੇ ਬਾਇਰਨ ਬੇਅ ਦੇ ਤੱਟਵਰਤੀ ਸ਼ਹਿਰ ਵਿੱਚ ਰਹਿੰਦਾ ਹੈ। ਉਸ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਲੜਕਾ ਸਵੀਮਿੰਗ ਪੂਲ ਨੇੜੇ ਖੇਡ ਰਿਹਾ ਸੀ। ਉਨ੍ਹਾਂ ਕਿਹਾ, ‘ਨੇੜਲੇ ਝਾੜੀਆਂ ਵਿੱਚ ਇੱਕ ਅਜਗਰ ਸੀ। ਇੰਝ ਲੱਗਦਾ ਸੀ ਜਿਵੇਂ ਉਹ ਪਹਿਲਾਂ ਹੀ ਕਿਸੇ ਪੰਛੀ ਜਾਂ ਜਾਨਵਰ ‘ਤੇ ਹਮਲਾ ਕਰਨ ਲਈ ਤਿਆਰ ਸੀ। ਕੁਝ ਹੀ ਸਕਿੰਟਾਂ ਵਿੱਚ ਅਜਗਰ ਨੇ ਮੇਰੇ ਪੁੱਤਰ ਦੀਆਂ ਲੱਤਾਂ ਫੜ ਲਈਆਂ। ਜਿਵੇਂ ਹੀ ਅਜਗਰ ਨੇ ਬੱਚੇ ਨੂੰ ਫੜ੍ਹ ਕੇ ਪਾਣੀ ‘ਚ ਛਾਲ ਮਾਰੀ, ਤੁਰੰਤ ਹੀ 76 ਸਾਲਾ ਦਾਦਾ ਐਲਨ ਨੇ ਪੂਲ ‘ਚ ਛਾਲ ਮਾਰ ਦਿੱਤੀ। ਬੇਨ ਨੇ ਦੱਸਿਆ ਕਿ ਬਾਅਦ ‘ਚ ਦੋਵਾਂ ਨੇ ਮਿਲ ਕੇ 15-20 ਸਕਿੰਟਾਂ ‘ਚ ਹੀ ਉਸ ਨੂੰ ਸੱਪ ਦੇ ਚੁੰਗਲ ‘ਚੋਂ ਛੁਡਵਾਇਆ।












