ਰਾਹੁਲ ਗਾਂਧੀ ਆਪਣੀ ਭੈਣ ਪ੍ਰਿਅੰਕਾ ਗਾਂਧੀ ਨਾਲ ਅੱਜ ਯਾਨੀ ਵੀਰਵਾਰ ਨੂੰ ਕੇਰਲ ਦੇ ਵਾਇਨਾਡ ਪਹੁੰਚੇ। ਵਾਇਨਾਡ ਵਿੱਚ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ ਹੋਈ ਹੈ। ਜ਼ਮੀਨ ਖਿਸਕਣ ਨਾਲ ਚਾਰ ਪਿੰਡ ਵਹਿ ਗਏ ਹਨ। 256 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਜ਼ਾਰਾਂ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਸ਼ਰਨ ਲੈਣੀ ਪਈ ਹੈ। ਗਰਾਊਂਡ ਜ਼ੀਰੋ ’ਤੇ ਪਹੁੰਚ ਕੇ ਦੋਵਾਂ ਆਗੂਆਂ ਨੇ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਖਰਾਬ ਮੌਸਮ ਦੇ ਬਾਵਜੂਦ ਦੋਵੇਂ ਨੇਤਾ ਵੀਰਵਾਰ ਨੂੰ ਪ੍ਰਭਾਵਿਤ ਲੋਕਾਂ ਨੂੰ ਮਿਲਣ ਪਹੁੰਚੇ। ਸਵੇਰੇ ਕਰੀਬ 9.30 ਵਜੇ ਵਾਇਨਾਡ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਕੰਨੂਰ ਹਵਾਈ ਅੱਡੇ ‘ਤੇ ਉਤਰੇ। ਇੱਥੋਂ ਦੋਵੇਂ ਵਾਇਨਾਡ ਲਈ ਰਵਾਨਾ ਹੋ ਗਏ। ਅਲਾਪੁਝਾ ਦੇ ਸੰਸਦ ਮੈਂਬਰ ਕੇਸੀ ਵੇਣੂਗੋਪਾਲ ਵੀ ਉਨ੍ਹਾਂ ਦੇ ਨਾਲ ਸਨ।