ਅੱਜ ਦੀ ਦੁਨੀਆ ਸਿਰਫ ਤਕਨਾਲੋਜੀ ‘ਤੇ ਨਿਰਭਰ ਹੈ। ਇਸ ਤੋਂ ਬਿਨਾਂ ਲੋਕ ਆਪਣਾ ਕੰਮ ਨਹੀਂ ਕਰ ਸਕਦੇ। ਅੱਜ-ਕੱਲ੍ਹ ਲਗਭਗ ਹਰ ਹੱਥ ਵਿੱਚ ਮੋਬਾਈਲ ਫੋਨ ਨਜ਼ਰ ਆਉਂਦੇ ਹਨ, ਹਰ ਘਰ ਵਿੱਚ ਟੀਵੀ, ਫਰਿੱਜ ਅਤੇ ਏਸੀ-ਕੂਲਰ ਹੈ, ਜਿਸ ਨੂੰ ਲੋਕ ਛੱਡਣਾ ਨਹੀਂ ਚਾਹੁੰਦੇ। ਇਸ ਤਕਨੀਕ ਨੇ ਬਹੁਤ ਸਾਰੇ ਲੋਕਾਂ ਨੂੰ ਅਮੀਰ ਬਣਾ ਦਿੱਤਾ ਹੈ ਅਤੇ ਹੁਣ ਇਹ ਤਕਨੀਕ ਇੱਕ ਨਵੀਂ ਦੁਨੀਆਂ ਬਣਾਉਣ ਜਾ ਰਹੀ ਹੈ ਜਿਸ ਵਿੱਚ ਇਨਸਾਨਾਂ ਨੂੰ ਬਹੁਤਾ ਕੰਮ ਨਹੀਂ ਕਰਨਾ ਪਵੇਗਾ ਬਲਕਿ ਮਸ਼ੀਨਾਂ ਸਾਰੇ ਕੰਮ ਕਰਨਗੀਆਂ ਪਰ ਇਹ ਤਕਨੀਕ ਇਨਸਾਨਾਂ ‘ਤੇ ਬੋਝ ਵੀ ਬਣ ਸਕਦੀ ਹੈ। ਇਸ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਫਲੋਰੀਡਾ ਵਿੱਚ ਦੇਖਣ ਨੂੰ ਮਿਲੀ ਹੈ, ਜਿਸ ਨੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਅਸਲ ਵਿੱਚ ਇੱਥੇ ਇੱਕ ਵਿਅਕਤੀ ਨੇ ਇੱਕ ਮੈਡੀਕਲ ਨਿਰਮਾਤਾ ‘ਤੇ ਮੁਕੱਦਮਾ ਕੀਤਾ ਹੈ ਉਸ ਨੇ ਦਾਅਵਾ ਕੀਤਾ ਕਿ ਕੰਪਨੀ ਦੇ ਸਰਜੀਕਲ ਰੋਬੋਟ ਦੁਆਰਾ ਕੀਤੀ ਗਈ ਸਰਜਰੀ ਤੋਂ ਬਾਅਦ ਉਸਦੀ ਪਤਨੀ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।
ਮੁਕੱਦਮੇ ਦੇ ਅਨੁਸਾਰ, ਹਾਰਵੇ ਦੀ ਪਤਨੀ ਸੈਂਡਰਾ ਨੇ ਦਾ ਵਿੰਚੀ ਰੋਬੋਟ, ਜੋ ਕਿ ਇੱਕ ਰਿਮੋਟ-ਕੰਟਰੋਲ ਡਿਵਾਈਸ ਹੈ ਉਸਦੀ ਵਰਤੋਂ ਕਰਕੇ ਆਪਣੇ ਕੋਲਨ ਕੈਂਸਰ ਦਾ ਇਲਾਜ ਦੇ ਲਈ ਸਤੰਬਰ 2021 ‘ਚ ਬੈਪਟਿਸਟ ਹੈਲਥ ਬੋਕਾ ਰੈਟਨ ਰੀਜਨਲ ਹਸਪਤਾਲ ਵਿਚ ਅਪਰੇਸ਼ਨ ਹੋਇਆ ਸੀ। ਇਸ ਰੋਬੋਟ ਨੂੰ ਲੈ ਕੇ ਕੰਪਨੀ ਵੱਲੋਂ ਇੱਕ ਇਸ਼ਤਿਹਾਰ ਦਿੱਤਾ ਗਿਆ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹ ਰੋਬੋਟ ਉਹ ਕੰਮ ਆਸਾਨੀ ਨਾਲ ਕਰ ਸਕਦਾ ਹੈ ਜੋ ਡਾਕਟਰ ਨਹੀਂ ਕਰ ਸਕਦੇ। ਮੁਕੱਦਮੇ ‘ਚ ਦਾਅਵਾ ਕੀਤਾ ਗਿਆ ਹੈ ਕਿ ਰੋਬੋਟ ਨੇ ਔਰਤ ਦੀ ਛੋਟੀ ਅੰਤੜੀ ‘ਚ ਛੇਕ ਕਰ ਦਿੱਤਾ, ਜਿਸ ਕਾਰਨ ਉਸ ਨੂੰ ਕੁਝ ਵਾਧੂ ਸਰਜਰੀ ਕਰਵਾਉਣੀ ਪਈ।
ਹਾਲਾਂਕਿ, ਇਨ੍ਹਾਂ ਸਾਰੀਆਂ ਪ੍ਰਕਿਰਿਆਵਾਂ ਤੋਂ ਬਾਅਦ, ਔਰਤ ਨੂੰ ਲਗਾਤਾਰ ਪੇਟ ਦਰਦ ਹੁੰਦਾ ਰਿਹਾ ਅਤੇ ਇਸ ਦੌਰਾਨ ਉਸ ਨੂੰ ਬੁਖਾਰ ਵੀ ਹੋ ਗਿਆ। ਫਿਰ ਫਰਵਰੀ 2022 ਵਿੱਚ ਉਸਦੀ ਮੌਤ ਹੋ ਗਈ। ਮੁਕੱਦਮੇ ਵਿੱਚ ਦੋਸ਼ ਲਾਇਆ ਗਿਆ ਹੈ ਕਿ ਕੰਪਨੀ ਨੂੰ ਪਤਾ ਸੀ ਕਿ ਰੋਬੋਟ ਵਿੱਚ ਇਨਸੂਲੇਸ਼ਨ ਸਮੱਸਿਆਵਾਂ ਹਨ ਜਿਸ ਕਾਰਨ ਇਹ ਅੰਦਰੂਨੀ ਅੰਗਾਂ ਨੂੰ ਸਾੜ ਸਕਦਾ ਹੈ, ਪਰ ਕੰਪਨੀ ਨੇ ਇਸ ਖਤਰੇ ਦਾ ਖੁਲਾਸਾ ਨਹੀਂ ਕੀਤਾ, ਜਿਸ ਕਾਰਨ ਔਰਤ ਦੀ ਮੌਤ ਹੋ ਗਈ।