ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਇੱਕ ਨਿੱਜੀ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ‘ਚ 8 ਯਾਤਰੀ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਸਿਰਸਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਬੱਸ ਵਿੱਚ 70 ਦੇ ਕਰੀਬ ਯਾਤਰੀ ਸਵਾਰ ਦੱਸੇ ਜਾ ਰਹੇ ਹਨ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਹਾਦਸਾ ਬੱਸ ਦੀ ਤੇਜ਼ ਰਫਤਾਰ ਅਤੇ ਹੈੱਡ ਲਾਈਟ ‘ਚ ਖਰਾਬੀ ਕਾਰਨ ਵਾਪਰਿਆ ।
ਦਰਅਸਲ ਇਹ ਨਿੱਜੀ ਬੱਸ ਮਹਿਲਾ ਕਾਂਸਟੇਬਲ ਦੀ ਪ੍ਰੀਖਿਆ ਦੇਣ ਯਮੁਨਾਨਗਰ ਗਏ ਉਮੀਦਵਾਰਾਂ ਨੂੰ ਲੈ ਕੇ ਸਿਰਸਾ ਪਰਤ ਰਹੀ ਸੀ। ਯਾਤਰੀਆਂ ਮੁਤਾਬਕ ਕੁਰੂਕਸ਼ੇਤਰ ਨੇੜੇ ਬੱਸ ਦੀ ਲਾਈਟ ਚਲੀ ਗਈ ਅਤੇ ਬੱਸ ਦੀ ਤੇਜ਼ ਰਫਤਾਰ ਕਾਰਨ ਇਹ ਹਾਦਸਾ ਵਾਪਰਿਆ। ਕੁਝ ਲੋਕਾਂ ਨੇ ਦੱਸਿਆ ਕਿ ਡਰਾਈਵਰ ਵੀ ਨਸ਼ੇ ਵਿੱਚ ਸੀ। ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।