ਕੁਸ਼ਤੀ ਵਿੱਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ WWE ਚੈਂਪੀਅਨ ਦਲੀਪ ਰਾਣਾ ਉਰਫ ‘ਦ ਗ੍ਰੇਟ ਖਲੀ’ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ। ਖਲੀ ਨੇ ਹਸਪਤਾਲ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਵੀਡੀਓ ‘ਚ ਉਹ ਆਪਣੇ ਬੇਟੇ ਨੂੰ ਗੋਦ ‘ਚ ਲੈ ਕੇ ਪਿਆਰ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਖਲੀ ਆਪਣੇ ਬੇਟੇ ਨੂੰ ਕਹਿ ਰਹੇ ਹਨ ਕਿ ਉਹ ਜਲਦੀ ਠੀਕ ਹੋ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਆਪਣੇ ਬੇਟੇ ਤੋਂ ਪਹਿਲਾਂ ਖਲੀ ਦੀ ਇੱਕ ਬੇਟੀ ਵੀ ਹੈ। ਖਲੀ ਨੇ ਆਪਣੇ ਪੁੱਤਰ ਨੂੰ ਕੀਮਤੀ ਹੀਰੇ ਕਹਿ ਕੇ ਖੁਸ਼ੀ ਜ਼ਾਹਰ ਕੀਤੀ ।
ਦ ਗ੍ਰੇਟ ਖਲੀ ਸਿਰਮੌਰ ਜ਼ਿਲ੍ਹੇ ਦੇ ਸ਼ਿਲਾਈ ਦੇ ਧੀਰਾਣਾ ਦਾ ਰਹਿਣ ਵਾਲਾ ਹੈ। ਖਲੀ ਦੇ ਘਰ ‘ਚ ਖੁਸ਼ੀ ਦਾ ਮਾਹੌਲ ਹੈ। ਫਿਲਮਾਂ ਤੋਂ ਇਲਾਵਾ ਖਲੀ ਰਿਐਲਿਟੀ ਸ਼ੋਅ ਬਿੱਗ ਬੌਸ ਵਿੱਚ ਵੀ ਹਿੱਸਾ ਲੈ ਚੁੱਕੇ ਹਨ। ਖਲੀ ਇਕਲੌਤਾ ਭਾਰਤੀ ਪਹਿਲਵਾਨ ਹੈ ਜੋ ਵਿਦੇਸ਼ ਗਿਆ ਅਤੇ ਵੱਡੇ ਪਹਿਲਵਾਨਾਂ ਨੂੰ ਹਰਾ ਕੇ ਡਬਲਯੂਡਬਲਯੂਈ ਖਿਤਾਬ ਜਿੱਤਿਆ।
ਖਲੀ 2006 ਤੋਂ 2014 ਤੱਕ ਡਬਲਯੂਡਬਲਯੂਈ ਵਿੱਚ ਰਹੇ ਅਤੇ ਇਸ ਸਮੇਂ ਦੌਰਾਨ ਉਸਨੇ ਅੰਡਰਟੇਕਰ, ਕੇਨ, ਬਿਗ-ਸ਼ੋਅ, ਜੌਨ ਸੀਨਾ, ਬ੍ਰੌਕ ਲੈਸਨਰ, ਰੇ-ਮਿਸਟਰੀਓ, ਦ ਰੌਕ, ਟ੍ਰਿਪਲ ਐਚ, ਰੈਂਡੀ ਔਰਟਨ ਸਣੇ ਕਈ ਮਹਾਨ ਪਹਿਲਵਾਨਾਂ ਨਾਲ ਲੜਿਆ ਅਤੇ ਜਿੱਤਿਆ। 46 ਸਾਲਾ ਖਲੀ 157 ਕਿਲੋ ਭਾਰ ਵਰਗ ਦਾ ਖਿਡਾਰੀ ਹੈ ਜਿਸ ਦਾ ਕੱਦ 7 ਫੁੱਟ 1 ਇੰਚ ਹੈ। ਕੁਸ਼ਤੀ ਦੇ ਨਾਲ-ਨਾਲ ਖਲੀ ਨੇ ਹੌਲੀਵੁੱਡ, ਬੌਲੀਵੁੱਡ ਅਤੇ ਟੈਲੀਵਿਜ਼ਨ ਸ਼ੋਅਜ਼ ਵਿੱਚ ਵੀ ਕੰਮ ਕੀਤਾ ਹੈ।












