ਪੰਜਾਬ ਦੇ ਲੋਕ ਨਿਰਮਾਣ ਅਤੇ ਪ੍ਰਬੰਧਕੀ ਸੁਧਾਰ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਭਾਖੜਾ ਨਹਿਰ ’ਤੇ 4.50 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ 45 ਮੀਟਰ ਪੁੱਲ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਅਤੇ ਸ਼ਹਿਰ ਵਾਸੀਆਂ ਦੀ ਮੌਜੂਦਗੀ ਵਿੱਚ ਲੋਕ ਅਰਪਣ ਕੀਤਾ।ਇਸੇ ਮੌਕੇ ਉਨ੍ਹਾਂ ਨੇ 12.75 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਸਮਾਣਾ ਬਾਈਪਾਸ, ਸ਼ਹਿਰ ਦੀ ਮੁੱਖ ਸੜਕ ਨੂੰ ਅਪਗ੍ਰੇਡ ਕਰਨ ਸਮੇਤ ਸਮਾਣਾ-ਪਟਿਆਲਾ ਰੋਡ ’ਤੇ ਫ਼ਤਹਿਪੁਰ ਵਿਖੇ ਸੜਕ ਦਾ ਵਿੰਗ ਕੱਢਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਈ।
ਵਿਜੈ ਇੰਦਰ ਸਿੰਗਲਾ ਨੇ ਆਪਣੇ ਪਿਤਾ ਮਰਹੂਮ ਸੰਤ ਰਾਮ ਸਿੰਗਲਾ, ਜਿਨ੍ਹਾਂ ਦਾ ਅੱਜ 87ਵਾਂ ਜਨਮ ਦਿਨ ਹੈ, ਦਾ ਜਿਕਰ ਕਰਦਿਆਂ, ਭਾਵੁਕਤਾ ਨਾਲ ਆਖਿਆ ਕਿ, ਲੋਕਾਂ ਨੇ ਉਨ੍ਹਾਂ ਨੂੰ ਪਿਆਰ ਦੇ ਕੇ ਆਪਣੇ ਪਿਤਾ ਦੇ ਟੀਚੇ ਪੂਰੇ ਕਰਨ ਲਈ ਭਰਪੂਰ ਸਹਿਯੋਗ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਗਲਾ ਨੇ ਕਿਹਾ ਕਿ ਚੋਣਾਂ ਨੇੜੇ ਨਵੀਆਂ ਪਾਰਟੀਆਂ ਦਾ ਬਨਣਾ ਸੁਭਾਵਿਕ ਹੈ ਪਰੰਤੂ ਇਸ ਦਾ ਕਾਂਗਰਸ ਪਾਰਟੀ ਨੂੰ ਕੋਈ ਫਰਕ ਨਹੀਂ ਪਵੇਗਾ।
ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਨੇ ਕੈਬਿਨਟ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪੂਰੇ ਪੰਜਾਬ ’ਚੋਂ ਇਕੱਲਾ ਸਮਾਣਾ ਹਲਕਾ ਹੀ ਹੈ, ਜਿੱਥੇ ਸਭ ਤੋਂ ਵੱਧ ਵਿਕਾਸ ਕਾਰਜ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਪੁੱਲ ਸਮਾਣਾ ਤੇ ਇਲਾਕੇ ਦੇ ਲੋਕਾਂ ਦੇ ਨਾਲ ਨਾਲ ਹਰਿਆਣਾ ਤੇ ਦਿੱਲੀ ਆਦਿ ਜਾਣ ਵਾਲੇ ਰਾਹਗੀਰਾਂ ਲਈ ਵੀ ਬਹੁਤ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਹਲਕੇ ’ਚ ਹੋਏ ਵਿਕਾਸ ਕਾਰਜ ਗਿਣਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਪੰਜਾਬ ਦੇ ਲੋਕ ਖੁਸ਼ ਹਨ ਤੇ ਸੂਬੇ ਵਿਚ ਅਗਲੀ ਸਰਕਾਰ ਵੀ ਕਾਂਗਰਸ ਦੀ ਹੀ ਬਣੇਗੀ।