ਸੀਈਓ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਦੱਸਿਆ ਕਿ ਐਲਈਡੀ ਅਤੇ ਆਡੀਓ ਸਿਸਟਮ ਨਾਲ ਲੈਸ 30 ਮੋਬਾਈਲ ਵੈਨਾਂ ਲਾਂਚ ਕੀਤੀਆਂ ਹਨ, ਜੋ ਵੋਟਰਾਂ ਨੂੰ ਜਾਗਰੂਕ ਕਰਨ, ਵੋਟਰ ਰਜਿਸਟ੍ਰੇਸ਼ਨ ਅਤੇ ਵੋਟਾਂ ਵਾਲੇ ਦਿਨ ਵੋਟ ਪਾਉਣ ਦਾ ਸੁਨੇਹਾ ਦੇਣ ਲਈ ਸੂਬੇ ਭਰ ਵਿੱਚ ਚੱਲਣਗੀਆਂ। ਉਨ੍ਹਾਂ ਕਿਹਾ ਕਿ ਛੋਟੇ ਜ਼ਿਲ੍ਹਿਆਂ ਨੂੰ ਇੱਕ-ਇੱਕ ਵੈਨ ਜਦਕਿ ਵੱਡੇ ਜ਼ਿਲ੍ਹਿਆਂ ਨੂੰ ਦੋ ਵੈਨਾਂ ਦਿੱਤੀਆਂ ਜਾਣਗੀਆਂ ਅਤੇ ਇਹ ਵੈਨਾਂ ਵਿੱਚ ਲੋਕਾਂ ਨੂੰ ਉਹਨਾਂ ਦੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਸਵੀਪ ਗਤੀਵਿਧੀਆਂ ਤਹਿਤ ਆਡੀਓ-ਵਿਜ਼ੂਅਲ ਸੰਦੇਸ਼, ਵੀਡੀਓ ਕਲਿੱਪ ਅਤੇ ਜਿੰਗਲ ਚਲਾਏ ਜਾਣਗੇ।

ਚੋਣਾਂ ਦੌਰਾਨ ਸੁਰੱਖਿਆ ਬਲਾਂ ਦੀ ਲੋੜ ਬਾਰੇ ਦੱਸਦਿਆਂ, ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਉਨਾਂ ਨੂੰ ਜ਼ਿਲਾ ਮੁਖੀਆਂ ਤੋਂ 700 ਕੰਪਨੀਆਂ ਦੀ ਮੰਗ ਪ੍ਰਾਪਤ ਹੋਈ ਹੈ ਅਤੇ ਸਮੀਖਿਆ ਤੋਂ ਬਾਅਦ ਅੰਤਿਮ ਮੰਗ ਭੇਜ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਸੂਬਾ ਸਰਕਾਰ ਨੇ 340 ਕਰੋੜ ਰੁਪਏ ਦਾ ਢੁੱਕਵਾਂ ਬਜਟ ਅਲਾਟ ਕੀਤਾ ਹੈ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਟਰਾਂਸਜੈਂਡਰ ਦੇ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ “ਮਹਿਲਾ, ਪੁਰਸ਼ ਅਤੇ ਟਰਾਂਸਜੈਂਡਰ, ਲੋਕਤੰਤਰ ਵਿੱਚ ਸਭ ਬਰਾਬਰ” ਦੇ ਨਾਅਰੇ ਤਹਿਤ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਵਿਸ ਵੋਟਰ, ਦਿਵਿਆਂਗ ਵਿਅਕਤੀ, ਟਰਾਂਸਜੈਂਡਰ ਅਤੇ ਨੌਜਵਾਨ ਜੋ ਵੋਟਰ ਸੂਚੀ ‘ਚ ਸ਼ਾਮਿਲ ਨਹੀਂ ਹਨ, ਨੂੰ ਸ਼ਾਮਿਲ ਕਰਨ ਲਈ ਵਿਸ਼ੇਸ਼ ਸੋਧ ਮੁਹਿੰਮ ਚਲਾਈ ਜਾ ਰਹੀ ਹੈ।












