ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ ਇਸ ‘ਤੇ ਹੁਣ ਸਾਰੀਆਂ ਦੀਆਂ ਨਜ਼ਰਾਂ ਟੀਕਿਆਂ ਹੋਈਆਂ ਹਨ। ਮੀਡਿਆ ਰਿਪੋਰਟਾਂ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਕ ਹਫਤੇ ਦੇ ਅੰਦਰ ਹਾਈਕਮਾਂਡ ਇਸ ਰਾਜ ਤੋਂ ਪਰਦਾ ਚੁੱਕ ਸਕਦਾ ਹੈ। ਹਾਲਾਂਕਿ ਅਸਤੀਫਾ ਦੇਣ ਮਗਰੋਂ ਨਵਜੋਤ ਸਿੰਘ ਸਿੱਧੂ ਇਸ ਅਹੁਦੇ ਲਈ ਦੋਬਾਰਾ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਉਨ੍ਹਾਂ ਵਲੋਂ ਵੱਡੇ ਪੱਧਰ ‘ਤੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ। ਉਹ ਕੌਮੀ ਕਾਂਗਰਸ ਪ੍ਰਧਾਨ ਨੂੰ ਆਪਣੀ ਤਾਕਤ ਦਿਖਾਉਣ ‘ਚ ਲੱਗੇ ਹੋਏ ਹਨ। ਹਾਲਾਂਕਿ ਸੋਨੀਆ ਗਾਂਧੀ ਨੇ ਖੁਦ ਪੰਜਾਬ ਚੋਣਾਂ ‘ਚ ਹਾਰ ਤੋਂ ਬਾਅਦ ਸਿੱਧੂ ਤੋਂ ਅਸਤੀਫਾ ਮੰਗਿਆ ਸੀ ਜਿਸ ‘ਤੇ ਸਿੱਧੂ ਨੇ ਬਿਨਾ ਦੇਰ ਕਰਦੇ ਹੋਏ ਅਸਤੀਫਾ ਦੇ ਵੀ ਦਿੱਤਾ ਸੀ। ਲੇਕਿਨ ਇਸਦੇ ਬਾਵਜੂਦ ਵੀ ਉਨ੍ਹਾਂ ਦੀ ਮੁੜ ਤੋਂ ਪ੍ਰਧਾਨ ਬਣਨ ਦੀ ਇੱਛਾ ਜੱਗ ਜ਼ਾਹਿਰ ਹੋ ਰਹੀ ਹੈ।
ਹਾਈਕਮਾਂਡ ਨੂੰ ਸਿੱਧੂ ਦਿਖਾ ਰਹੇ ਆਪਣੀ ਤਾਕਤ
ਪੰਜਾਬ ਚੋਣਾਂ ‘ਚ ਹਾਰ ਤੋਂ ਬਾਅਦ ਸਿੱਧੂ ਕੁੱਝ ਦਿਨ ਤਾਂ ਮੀਡਿਆ ਦੇ ਸਾਹਮਣੇ ਵੀ ਨਹੀਂ ਆਏ ਤੇ ਅਸਤੀਫਾ ਦੇਣ ਮਗਰੋਂ ਵੀ ਉਨ੍ਹਾਂ ਦੇ ਤੇਵਰ ਹਾਲੇ ਤੱਕ ਘੱਟ ਨਹੀਂ ਹੋਏ ਹਨ। ਸਿੱਧੂ ਨੇ ਸ਼ਕਤੀ ਪ੍ਰਦਰਸ਼ਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਤੋਂ ਕੀਤੀ। ਇੱਥੇ ਉਹ ਕਈ ਕਾਂਗਰਸ ਆਗੂਆਂ ਨਾਲ ਮਿਲੇ। ਇਸ ਤੋਂ ਬਾਅਦ ਲੁਧਿਆਣਾ, ਪਟਿਆਲਾ ਅੰਮ੍ਰਿਤਸਰ ਤੇ ਹੁਣ ਚੰਡੀਗੜ੍ਹ ‘ਚ ਉਹ ਕਾਂਗਰਸ ਆਗੂਆਂ ਨੂੰ ਆਪਣੇ ਵੱਲ ਕਰਨ ‘ਚ ਲੱਗੇ ਹੋਏ ਹਨ। ਮੀਡਿਆ ਰਿਪੋਰਟਾਂ ਮੁਤਾਬਕ 12 ਤੋਂ ਵੱਧ ਆਗੂ ਹੁਣ ਤਕ ਸਿੱਧੂ ਦੇ ਨਾਲ ਹਨ।
ਕੀ ਸਿੱਧੂ ਨੂੰ ਮੁੜ ਪ੍ਰਧਾਨ ਬਣਾ ਸਕਦੀ ਹੈ ਹਾਈਕਮਾਂਡ?
ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਸਿੱਧੂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਪਰ ਪਾਰਟੀ ਹਾਈਕਮਾਂਡ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਦੀ ਗਲਤੀ ਨਹੀਂ ਦੁਹਰਾਏਗੀ ਕਿਉਂਕਿ ਉਨ੍ਹਾਂ ਕਾਰਨ ਕਾਂਗਰਸ ਬੁਰੀ ਤਰ੍ਹਾਂ ਹਾਰ ਗਈ ਹੈ। ਪ੍ਰਧਾਨਗੀ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੀ ਕਾਰਗੁਜ਼ਾਰੀ ‘ਤੇ ਵੀ ਹਾਈਕਮਾਂਡ ਤਿੱਖੀ ਨਜ਼ਰ ਰੱਖ ਰਹੀ ਹੈ। ਨਵਜੋਤ ਸਿੰਘ ਸਿੱਧੂ ਨਾਲ ਹਰ ਮੀਟਿੰਗ ਵਿੱਚ ਕਰੀਬ 12 ਚਿਹਰੇ ਨਜ਼ਰ ਆ ਰਹੇ ਹਨ, ਜਿਸ ਦੇ ਆਧਾਰ ‘ਤੇ ਉਹ ਪਾਰਟੀ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪੰਜਾਬ ‘ਚ ਕਾਂਗਰਸ ਪ੍ਰਧਾਨ ਕੋਈ ਪੁਰਾਣਾ ਚਿਹਰਾ ਹੋਵੇ।
ਜੇ ਸਿੱਧੂ ਨਹੀਂ ਤਾਂ ਫਿਰ ਕੌਣ?
ਨਵੇਂ ਪ੍ਰਧਾਨ ਦੇ ਨਾਂਅ ‘ਤੇ ਸਾਬਕਾ ਟਰਾਂਸਪੋਰਟ ਮੰਤਰੀ ਤੇ ਗਿੱਦੜਬਾਹਾ ਤੋਂ ਮੌਜੂਦਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੋਹਰ ਲਗ ਸਕਦੀ ਹੈ। ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਰਾਹੁਲ ਗਾਂਧੀ ਦੇ ਨਜ਼ਦੀਕੀ ਹਨ। ਉਨ੍ਹਾਂ ਤੋਂ ਇਲਾਵਾ ਲੋਕਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਸੁਖਪਾਲ ਸਿੰਘ ਖੈਰਾ ਦਾ ਵੀ ਨਾਂਅ ਸਾਹਮਣੇ ਆ ਰਿਹਾ ਹੈ। ਬਾਜਵਾ ਵਿਰੋਧੀ ਧਿਰ ਦੇ ਨੇਤਾ ਬਣਨ ‘ਤੇ ਨਜ਼ਰਾਂ ਟਿਕਾਏ ਹੋਏ ਹਨ ਪਰ ਸੁਖਜਿੰਦਰ ਰੰਧਾਵਾ ਸੂਬਾ ਪ੍ਰਧਾਨ ਬਣਨ ‘ਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਪਰਗਟ ਸਿੰਘ ਆਪਣੇ ਆਪ ਨੂੰ ਦੋਵੇਂ ਰੋਲ ਲਈ ਫਿੱਟ ਸਮਝਦੇ ਹਨ।
ਫੈਸਲਾ ਲੈਣ ‘ਚ ਕਿਉਂ ਦੇਰ ਕਰ ਰਿਹਾ ਹਾਈਕਮਾਂਡ
ਕਾਂਗਰਸ ਲਈ ਇਹ ਫੈਸਲਾ ਲੈਣਾ ਆਸਾਨ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਦੇਸ਼ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਦੇ ਬਦਲ ਵਜੋਂ ਉਭਰ ਰਹੀ ਹੈ। ਅਜਿਹੇ ‘ਚ ਕਾਂਗਰਸ ਨੂੰ ਵੀ ਚਿੰਤਾ ਸਤਾਉਣ ਲੱਗੀ ਹੈ ਕਿ ਜੇਕਰ ਉਸ ਨੇ ਆਪਣਾ ਭਵਿੱਖ ਬਣਾਉਣਾ ਹੈ ਤਾਂ ਉਸ ਨੂੰ ਸੋਚ ਸਮਝ ਕੇ ਕਦਮ ਚੁੱਕਣੇ ਪੈਣਗੇ। ਇਹੀ ਕਾਰਨ ਹੈ ਕਿ ਸਾਰੇ ਦਬਾਅ ਦੇ ਬਾਵਜੂਦ ਕਾਂਗਰਸ ਅਜੇ ਤੱਕ ਕੋਈ ਫੈਸਲਾ ਨਹੀਂ ਲੈ ਸਕੀ। ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ਕਾਂਗਰਸ ਨੂੰ ਮੁੜ ਸੱਤਾ ‘ਚ ਆਉਣ ਦੀ ਉਮੀਦ ਸੀ ਪਰ ਉਸ ਦੀਆਂ ਹੀ ਗਲਤੀਆਂ ਕਾਂਗਰਸ ‘ਤੇ ਪਈਆਂ।
ਇਕ ਹਫਤੇ ‘ਚ ਹੋ ਸਕਦਾ ਹੈ ਫੈਸਲਾ
ਇਸ ਮੁੱਦੇ ‘ਤੇ ਸੋਨੀਆ ਗਾਂਧੀ ਨੇ ਹਾਲ ਹੀ ‘ਚ ਦਿੱਲੀ ‘ਚ ਪੰਜਾਬ ਦੇ ਆਗੂਆਂ ਨਾਲ ਮੀਟਿੰਗ ਕੀਤੀ, ਜਿਸ ‘ਚ ਸਾਰੇ ਨੇਤਾਵਾਂ ਨੇ ਸਿੱਧੂ ਬਾਰੇ ਸਪੱਸ਼ਟ ਕੀਤਾ ਕਿ ਪਾਰਟੀ ਦੀ ਇੰਨੀ ਵੱਡੀ ਹਾਰ ‘ਚ ਪ੍ਰਧਾਨ ਦੀ ਭੂਮਿਕਾ ਵੀ ਅਹਿਮ ਕਾਰਨ ਹੈ। ਇਸੇ ਦੌਰਾਨ ਸੋਨੀਆ ਗਾਂਧੀ ਇਸ ਹਫ਼ਤੇ ਪੰਜਾਬ ਦੇ ਆਗੂਆਂ ਨਾਲ ਇੱਕ ਹੋਰ ਮੀਟਿੰਗ ਕਰਨ ਜਾ ਰਹੀ ਹੈ, ਜਿਸ ਵਿੱਚ ਸੂਬਾ ਪ੍ਰਧਾਨ ਲਈ ਦਾਅਵੇਦਾਰਾਂ ਦੇ ਨਾਵਾਂ ’ਤੇ ਵਿਚਾਰ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਹਫਤੇ ਨਵੇਂ ਮੁਖੀ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ।