ਸਾਬਕਾ ਗ੍ਰਹਿ ਮੰਤਰੀ ਅਤੇ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਪੰਜਾਬ ਵਿਚ ਭਿੰਡਰਾਂਵਾਲਾ ਨੂੰ ਤਿਆਰ ਕਰਨ ਵਿਚ ਇੰਦਰਾ ਗਾਂਧੀ ਦੀ ਭੂਮਿਕਾ ਸੀ ਜਾਂ ਨਹੀਂ। ਇਹ ਬਿਆਨ ਹਿਮਾਚਲ ਦੇ ਕਸੌਲੀ ਵਿਚ ਜਾਰੀ ਖੁਸ਼ਵੰਤ ਸਿੰਘ ਲਿਟਫੈਸਟ ਵਿਚ ਸ਼ਨਿਚਰਵਾਰ ਨੂੰ ਪੱਤਰਕਾਰ ਹਰਿੰਦਰ ਬਵੇਜਾ ਦੀ ਪੁਸਤਕ ‘ਦੇ ਵਿਲ ਸ਼ੂਟ ਯੂ ਮੈਡਮ’ ’ਤੇ ਚਰਚਾ ਦੌਰਾਨ ਦਿੱਤਾ ਗਿਆ। ਦਰਅਸਲ ਬਵੇਜਾ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਪੰਜਾਬ ਵਿਚ ਅਕਾਲੀਆਂ ਦੀ ਤਾਕਤ ਨੂੰ ਘਟਾਉਣ ਲਈ ਭਿੰਡਰਾਂਵਾਲਾ ਨੂੰ ਤਿਆਰ ਕੀਤਾ ਸੀ ਜਿਸ ’ਤੇ ਚਿਦੰਬਰਮ ਨੇ ਅਣਜਾਣਤਾ ਪ੍ਰਗਟਾਈ। ਚਿਦੰਬਰਮ ਦਾ ਕਹਿਣਾ ਸੀ ਕਿ ਆਪ੍ਰੇਸ਼ਨ ਬਲੂ ਸਟਾਰ ਲਈ ਸਿਰਫ ਇੰਦਰਾ ਗਾਂਧੀ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੈ ਕਿਉਂਕਿ ਉਸ ਕਾਰਵਾਈ ਵਿਚ ਫੌਜ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਾਮਲ ਸਨ। ਇਸ ’ਤੇ ਬਵੇਜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਤੌਰ ‘’ਤੇ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਇਹ ਸੰਭਵ ਨਹੀਂ ਸੀ। ਚਿਦੰਬਰਮ ਨੇ ਜਵਾਬ ਦਿੱਤਾ ਕਿ ਇਸ ਲਈ ਇੰਦਰਾ ਗਾਂਧੀ ਨੇ ਆਪਣੀ ਜ਼ਿੰਦਗੀ ਵੀ ਗੁਆਈ।
ਇਸ ਤੋਂ ਇਲਾਵਾ ਪਾਕਿਸਤਾਨ, ਅੱਤਵਾਦ, ਕਸ਼ਮੀਰ ਸਮੱਸਿਆ ਅਤੇ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਦਿੱਲੀ ਵਿਚ ਹੋਏ ਦੰਗਿਆਂ ਵਰਗੇ ਸੰਬੰਧਿਤ ਮੁੱਦੇ ਵੀ ਚਰਚਾ ਵਿਚ ਰਹੇ। ਇਸ ਦੌਰਾਨ ਦੇਸ਼ ਦੇ ਨੇਤਾਵਾਂ ਦੇ ਕਸ਼ਮੀਰ, ਪੰਜਾਬ ਅਤੇ ਮਨੀਪੁਰ ਪ੍ਰਤੀ ਨਜ਼ਰੀਏ ’ਤੇ ਵੀ ਗੱਲਬਾਤ ਹੋਈ। ਬਵੇਜਾ ਦਾ ਕਹਿਣਾ ਸੀ ਕਿ ਧਾਰਾ 370 ਹਟਣ ਦੇ ਬਾਅਦ ਵੀ ਕਸ਼ਮੀਰ ਵਿਚ ਰਾਜਨੀਤਕ ਸ਼ਮੂਲੀਅਤ ਦੀ ਘਾਟ ਹੈ। ਉਨ੍ਹਾਂ ਦਾ ਦਾਅਵਾ ਸੀ ਕਿ ਜੰਮੂ-ਕਸ਼ਮੀਰ ਵਿਚ ਵੱਧ ਰਹੇ ਸੈਲਾਨੀਆਂ ਦੀ ਗਿਣਤੀ ਉੱਥੋਂ ਦੀ ਸ਼ਾਂਤੀ ਦਾ ਅਸਲ ਸੰਕੇਤ ਨਹੀਂ ਹੈ। ਇਕ ਹੋਰ ਸੈਸ਼ਨ ਵਿਚ ਸਾਬਕਾ ਰਾਅ ਮੁਖੀ ਏਐੱਸ ਦੁਲਤ ਦੀ ਪੁਸਤਕ ‘ਸਪਾਈ ਕ੍ਰਾਨਿਕਲ’ ’ਤੇ ਚਰਚਾ ਦੌਰਾਨ ਦੁਲਤ ਨੇ ਕਿਹਾ ਕਿ ਦੇਸ਼ ਕੋਲ ਜੰਮੂ-ਕਸ਼ਮੀਰ ਦੇ ਮੁੱਦੇ ਨਾਲ ਨਜਿੱਠਣ ਲਈ ਕੋਈ ਠੋਸ ਨੀਤੀ ਜਾਂ ਨਜ਼ਰੀਆ ਕਦੇ ਨਹੀਂ ਰਿਹਾ। ਦਿੱਲੀ ਨੂੰ ਜੁੜਨ ਦੀ ਲੋੜ ਹੈ।












