- ਐਨ.ਆਰ.ਆਈਜ਼ ਲਈ ਏਕੀਕ੍ਰਿਤ ਵੈਬ ਪੋਰਟਲ, ਵੱਖਰਾ ਵਿੱਤ ਤੇ ਵਪਾਰਕ ਵਿੰਗ ਸਥਾਪਤ ਹੋਵੇਗਾ
- ਪਰਵਾਸੀ ਪੰਜਾਬੀਆਂ ਨੂੰ ਜਾਇਦਾਦ, ਵਿੱਤੀ ਮਾਮਲਿਆਂ ਸਣੇ ਹੋਰ ਸਮੱਸਿਆਵਾਂ ਦੇ ਸਮਾਂਬੱਧ ਹੱਲ ਲਈ ਉਲੀਕਿਆ ਖਾਕਾ
- ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਜੋੜਨ ਲਈ ਕੀਤੇ ਜਾਣਗੇ ਅਹਿਮ ਉਪਰਾਲੇ
- ਨੌਜਵਾਨਾਂ ਵਿਚਾਲੇ ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਸਮਰ ਕੋਰਸ ਸ਼ੁਰੂ ਕੀਤੇ ਜਾਣਗੇ
ਚੰਡੀਗੜ੍ਹ, 14 ਦਸੰਬਰ 2021 – ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਵਿੱਚ ਜਾਇਦਾਦ ਅਤੇ ਵਿੱਤੀ ਮਾਮਲਿਆਂ ਵਿੱਚ ਆਉਂਦੀਆਂ ਔਕੜਾਂ ਸਮੇਤ ਹੋਰ ਦਰਪੇਸ਼ ਸਮੱਸਿਆਵਾਂ ਦੇ ਹੱਲ ਅਤੇ ਪਰਵਾਸੀ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਭਵਿੱਖੀ ਦਸਤਾਵੇਜ਼ ਤਿਆਰ ਕੀਤਾ ਗਿਆ। ਇਹ ਖੁਲਾਸਾ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਪਰਗਟ ਸਿੰਘ ਨੇ ਅੱਜ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।ਇਸ ਮੌਕੇ ਐਨ.ਆਰ.ਆਈ. ਕਮਿਸ਼ਨ ਦੇ ਮੈਂਬਰ ਦਲਜੀਤ ਸਿੰਘ ਸਹੋਤਾ, ਪਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਦੇ ਸਲਾਹਕਾਰ ਸੀ.ਏ. ਅਸ਼ਵਨੀ ਕੁਮਾਰ ਤੇ ਗੁਰਪਾਲ ਸਿੰਘ ਹਾਜ਼ਰ ਸਨ।
ਪਰਗਟ ਸਿੰਘ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਦੀ ਸੁਰੱਖਿਆ ਖਾਸ ਕਰਕੇ ਜਾਇਦਾਦਾਂ ਆਦਿ ਨੂੰ ਸੁਰੱਖਿਅਤ ਯਕੀਨੀ ਬਣਾਉਣਾ ਅਤੇ ਸੂਬਾ ਸਰਕਾਰ ਵੱਲੋਂ ਸਮਰਥਨ ਪ੍ਰਦਾਨ ਕਰਕੇ ਸੂਬੇ ਵਿੱਚ ਰਹਿੰਦੇ ਹੋਏ ਘਰ ਵਾਂਗ ਹੀ ਮਹਿਸੂਸ ਕਰਵਾਉਣਾ ਬਣਦਾ ਹੈ।ਇਸੇ ਲਈ ਵਿੱਤੀ ਅਤੇ ਵਪਾਰਕ ਗਤੀਵਿਧੀਆਂ ਨਾਲ ਵੱਖਰੇ ਵਿੰਗ ਦੀ ਸਥਾਪਨਾ ਕੀਤੀ ਜਾਵੇਗੀ ਜਿਸ ਵਿੱਚ ਪਰਵਾਸੀ ਪੰਜਾਬੀਆਂ ਦੇ ਸਾਰੇ ਵਪਾਰਕ ਅਤੇ ਵਿੱਤ ਸੰਬੰਧੀ ਮੁੱਦਿਆਂ ਨੂੰ ਸਿੰਗਲ ਵਿੰਡੋ ਰਾਹੀਂ ਹੱਲ ਕੀਤਾ ਜਾਵੇਗਾ। ਇਸੇ ਤਰ੍ਹਾਂ ਪਰਵਾਸੀਆਂ ਦੇ ਮਾਲ ਵਿਭਾਗ ਨਾਲ ਜਾਇਦਾਦਾਂ ਦੇ ਕੰਮ ਵਿੱਚ ਸਿੰਗਲ ਵਿੰਡੋ ਸਹੂਲਤ ਪ੍ਰਦਾਨ ਕਰਕੇ ਪੰਜਾਬ ਵਿੱਚ ਕਾਰੋਬਾਰ ਸਥਾਪਤ ਕਰਨ ਵਿੱਚ ਮੱਦਦ ਕੀਤੀ ਜਾਵੇਗੀ।
ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਪਰਵਾਸੀ ਪੰਜਾਬੀਆਂ ਲਈ ਢੁਕਵਾਂ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾਵੇ। ਇੱਕ ਪ੍ਰਭਾਵੀ ਸ਼ਿਕਾਇਤ ਨਿਵਾਰਣ ਅਤੇ ਫੀਡਬੈਕ ਵਿਧੀ ਸਥਾਪਤ ਕੀਤੀ ਜਾਵੇਗੀ। ਪਰਵਾਸੀ ਭਾਰਤੀਆਂ ਦੀਆਂ ਸਾਰੀਆਂ ਸ਼ਿਕਾਇਤਾਂ ਨੂੰ ਇੱਕੋ ਛੱਤ ਹੇਠ ਲਿਆਇਆ ਜਾਵੇਗਾ। ਪਰਵਾਸੀਆਂ ਨੂੰ ਸੂਬੇ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਜਾਣੂ ਕਰਵਾਉਣ ਲਈ ਵੈੱਬਸਾਈਟ ਅਤੇ ਐਪ ਰਾਹੀਂ ਪ੍ਰਭਾਵਸ਼ਾਲੀ ਸੰਚਾਰ ਚੈਨਲ ਸਥਾਪਤ ਕੀਤੇ ਜਾਣਗੇ।ਇਸ ਆਨ ਲਾਈਨ ਪੋਰਟਲ ਰਾਹੀਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਿਭਾਗ ਪੂਰੀ ਤਰ੍ਹਾਂ ਫਾਲੋ-ਅੱਪ ਕਰਦਾ ਹੈ।
ਪਰਗਟ ਸਿੰਘ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਦੇ ਇਤਿਹਾਸ, ਵਿਰਸੇ, ਪੰਜਾਬੀ ਭਾਸ਼ਾ ਆਦਿ ਬਾਰੇ ਆਪਣੇ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਦੌਰਾਨ ਜਾਣਕਾਰੀ ਦੇਣ ਲਈ ਥੋੜੇਂ ਸਮੇਂ ਦੇ ਕੋਰਸ ਕਰਵਾਉਣ ਦੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਥੋੜ੍ਹੇਂ ਸਮੇਂ ਦੇ ਸਮਰ ਸਕੂਲ ਕੋਰਸ ਸ਼ੁਰੂ ਕੀਤੇ ਜਾਣਗੇ ਤਾਂ ਜੋ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਸੱਭਿਆਚਾਰਕ ਅਤੇ ਧਾਰਮਿਕ ਵਿਰਸੇ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਵਿਰਾਸਤ ਦੇ ਨੇੜੇ ਲਿਆਇਆ ਜਾ ਸਕੇ।ਇਸ ਤੋਂ ਇਲਾਵਾ ਸੂਬੇ ਨਾਲ ਜੋੜਨ ਅਤੇ ਸੈਰ ਸਪਾਟਾ ਨੂੰ ਹੁਲਾਰਾ ਦੇਣ ਲਈ ‘ਹੋਮ ਸਟੇਅ’ ਦੀ ਸਹੂਲਤ ਸ਼ੁਰੂ ਕੀਤੀ ਜਾਵੇਗੀ।ਨੌਜਵਾਨ ਪੀੜ੍ਹੀ ਨੂੰ ਸੈਰ-ਸਪਾਟੇ ਵਜੋਂ ਭਾਰਤ ਅਤੇ ਖਾਸ ਤੌਰ ‘ਤੇ ਘੱਟੋ-ਘੱਟ ਪੰਜਾਬ ਦਾ ਦੌਰਾ ਕਰਨ ਲਈ ਸਹੂਲਤ ਪ੍ਰਦਾਨ ਕਰ ਕੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ।ਸਕੂਲ ਅਤੇ ਯੂਨੀਵਰਸਿਟੀ ਪੱਧਰ ‘ਤੇ ਨੌਜਵਾਨਾਂ ਵਿਚਾਰੇ ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ ਵਿੱਢੇ ਜਾਣਗੇ। ਮੈਡੀਕਲ ਸੈਰ ਸਪਾਟਾ ਨੂੰ ਦੇਖਦਿਆਂ ਐਪ ਰਾਹੀਂ ਪਰਵਾਸੀਆਂ ਨੂੰ ਬਿਹਤਰ ਸਿਹਤ ਸੰਸਥਾਵਾਂ ਅਤੇ ਹਸਪਤਾਲਾਂ ਦੀ ਜਾਣਕਾਰੀ ਮੁਹੱਈਆ ਵੀ ਕਰਵਾਈ ਜਾਵੇਗੀ।
ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਮਾਜਿਕ-ਆਰਥਿਕ ਢਾਂਚੇ ਦੇ ਵਿਕਾਸ ਵਿੱਚ ਪਰਵਾਸੀ ਪੰਜਾਬੀਆਂ ਦਾ ਬਹੁਤ ਯੋਗਦਾਨ ਹੈ। ਪੰਜਾਬੀਆਂ ਨੇ ਸਖ਼ਤ ਮਿਹਨਤ ਅਤੇ ਉੱਦਮੀ ਗੁਣਾਂ ਕਰਕੇ ਦੁਨੀਆਂ ਭਰ ਵਿੱਚ ਆਪਣਾ ਨਾਮਣਾ ਖੱਟਿਆ ਹੈ। ਮੌਜੂਦਾ ਸਮੇਂ ਪੰਜਾਬੀਆਂ ਦੀ ਕਰੀਬ ਤੀਜੀ ਪੀੜ੍ਹੀ ਵਿਸ਼ਵ ਭਰ ਵਿੱਚ ਰਹਿ ਰਹੀ ਹੈ। ਸਭ ਤੋਂ ਵੱਧ ਚਿੰਤਾ ਇਸ ਗੱਲ ਦੀ ਹੈ ਕਿ ਨੌਜਵਾਨ ਪੀੜ੍ਹੀ-ਦਰ-ਪੀੜ੍ਹੀ ਆਪਣੀ ਜੜ੍ਹਾਂ ਤੋਂ ਵੱਖ ਹੋ ਰਹੇ ਹਨ। ਜ਼ਿਆਦਾਤਰ ਪਰਵਾਸੀ ਭਾਰਤ ਵਿੱਚ ਆਪਣੀਆਂ ਜਾਇਦਾਦਾਂ ਸਿਰਫ਼ ਇਸ ਕਾਰਨ ਵੇਚ ਰਹੇ ਹਨ ਕਿਉਂਕਿ ਉਨ੍ਹਾਂ ਦੀ ਅਗਲੀ ਪੀੜ੍ਹੀ ਪੰਜਾਬ ਵਿੱਚ ਨਹੀਂ ਆਉਣਾ ਚਾਹੁੰਦੀ ਅਤੇ ਉਹ ਆਪਣੇ ਮਾਪਿਆਂ ਦੀਆਂ ਜਾਇਦਾਦਾਂ ਵਿੱਚ ਵੀ ਕੋਈ ਦਿਲਚਸਪੀ ਨਹੀਂ ਰੱਖਦੇ।ਜ਼ਮੀਨਾਂ ਦੀ ਵਿਕਰੀ ਨਾ ਸਿਰਫ਼ ਪੰਜਾਬੀਆਂ ਨੂੰ ਉਨ੍ਹਾਂ ਦੀ ਮਾਂ ਤੋਂ ਖੋਹ ਲਵੇਗੀ ਸਗੋਂ ਸੂਬੇ ਦੇ ਸਮਾਜਿਕ-ਆਰਥਿਕ ਢਾਂਚੇ ‘ਤੇ ਵੀ ਮਾੜਾ ਅਸਰ ਪਾਵੇਗੀ। ਇਹ ਸਾਡੇ ਲਈ ਸੋਚਣ ਵਾਲੀ ਗੱਲ ਹੈ।ਇਨ੍ਹਾਂ ਕਾਰਨਾਂ ਦੀ ਪੜਚੋਲ ਅਤੇ ਇਸ ਦੇ ਹੱਲ ਲਈ ਉਨ੍ਹਾਂ ਸਬੰਧਤ ਧਿਰਾਂ ਨਾਲ ਵਿਚਾਰਾਂ ਕਰਕੇ ਇਹ ਭਵਿੱਖੀ ਰੂਪ-ਰੇਖਾ ਤਿਆਰ ਕੀਤੀ ਗਈ ਹੈ।