- ਐਸ.ਡੀ.ਐਮ ਤੇ ਡੀ.ਐਸ.ਪੀ ਵਲੋਂ ਸਾਂਝੇ ਤੌਰ ਤੇ ਅੰਤਰਰਾਜੀ ਨਾਕਿਆ ਦੀ ਚੈਕਿੰਗ
- ਆਮ ਲੋਕਾਂ ਨੂੰ ਜਾਗਰੂਕ ਨਾਗਰਿਕ ਬਣ ਕੇ ਪ੍ਰਸਾਸ਼ਨ ਨੂੰ ਸਹਿਯੋਗ ਦੇਣ ਦੀ ਅਪੀਲ
ਸ੍ਰੀ ਅਨੰਦਪੁਰ ਸਾਹਿਬ 14 ਦਸੰਬਰ 2021 – ਅਗਾਮੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਇੰਟਰ ਸਟੇਟ ਨਾਕਿਆਂ ਤੇ ਪੱਕੇ ਤੌਰ ਤੇ ਫੋਰਸ ਤਾਇਨਾਤ ਕਰਕੇ 24 ਘੰਟੇ ਨਿਗਰਾਨੀ ਰੱਖੀ ਜਾਵੇਗੀ। ਇਸ ਸਬੰਧੀ ਸੂਚਿਤ ਕਰਦਿਆਂ ਕੇਸ਼ਵ ਗੋਇਲ, ਐਸ.ਡੀ.ਐਮ-ਕਮ-ਰਿਟਰਿਨਿੰਗ ਅਫਸਰ, ਸ੍ਰੀ ਅਨੰਦਪੁਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਹਰੇਕ ਇੰਟਰ ਸਟੇਟ ਨਾਕੇ ਤੇ ਸਪੈਸ਼ਲ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ ਜੋ ਕਿ 24 ਘੰਟੇ ਸੀਸੀਟੀਵੀ ਕਵਰੇਜ ਹੇਠ ਅਸਮਾਜਿਕ ਗਤੀਵਿਧੀਆਂ ਦੀ ਨਿਗਰਾਨੀ ਰੱਖਣਗੀਆਂ।
ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਕੇਸ਼ਵ ਗੋਇਲ, ਐਸ.ਡੀ.ਐਮ. ਅਤੇ ਰਮਿੰਦਰ ਸਿੰਘ ਕਾਹਲੋਂ ਡੀ.ਐਸ.ਪੀ. ਵੱਲੋਂ ਇੰਟਰ ਸਟੇਟ ਨਾਕਿਆਂ ਰਾਮਪੁਰ ਜੱਜਰ, ਸੁਹੇਲਾ ਘੋੜਾ, ਗੰਭੀਰਪੁਰ ਅਪਰ/ਦਬਟ, ਅਤੇ ਮਜਾਰੀ ਦਾ ਦੌਰਾ ਕੀਤਾ ਗਿਆ ਹੈ। ਉਨਾ ਨੇ ਆਮ ਲੋਕਾਂ ਨੂੰ ਯਕੀਨ ਦਵਾਇਆ ਕਿ ਨਾਕਿਆਂ ਦੌਰਾਨ ਆਮ ਲੋਕਾਂ ਨੂੰ ਆਉਣ-ਜਾਣ ਵਿੱਚ ਕੋਈ ਵੀ ਦਿੱਕਤ ਪੇਸ਼ ਨਹੀ ਆਣ ਦਿੱਤੀ ਜਾਵੇਗੀ।
ਇਸ ਮੌਕੇ ਉਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਵਧ-ਚੜ੍ਹ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਤੇ ਆਪਣੀ ਪਸੰਦ ਦੀ ਸਰਕਾਰ ਦੀ ਚੋਣ ਕਰਨ। ਅਧਿਕਾਰੀਆਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇੱਕ ਜਾਗਰੂਕ ਨਾਗਰਿਕ ਦਾ ਫਰਜ਼ ਨਿਭਾਉਣ ਕਿਸੇ ਵੀ ਸੰਦੇਹ ਜਾਂ ਸ਼ੱਕ ਹੋਣ ਦੀ ਸੂਰਤ ਵਿਚ ਪ੍ਰਸਾਸ਼ਨ ਨੂੰ ਸਮੇ ਸਿਰ ਜਾਣਕਾਰੀ ਦੇਣ ਤਾਂ ਜ਼ੋ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਪੂਰੀ ਤਰਾ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪ੍ਰਸਾਸ਼ਨ ਅਤੇ ਪੁਲਿਸ ਆਮ ਲੋਕਾਂ ਦੀ ਸੇਵਾ ਅਤੇ ਸਹੂਲਤ ਲਈ 24 ਘੰਟੇ ਤੈਨਾਤ ਹੈ।