ਨਵੀਂ ਦਿੱਲੀ, 6 ਦਸੰਬਰ : 1984 ਦੇ ਸਿੱਖ ਕਤਲੇਆਮ ਮਾਮਲਿਆਂ ਵਿਚ ਦਿੱਲੀ ਗੁਰਦੁਆਰਾ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਇਕ ਹੋਰ ਵੱਡੀ ਸਫਲਤਾ ਮਿਲੀ ਜਦੋਂ ਦਿੱਲੀ ਦੀ ਇਕ ਅਦਾਲਤ ਨੇ ਸਰਸਵਤੀ ਵਿਹਾਰ ਪੁਲਿਸ ਥਾਣੇ ਵਿਚ ਦਰਜ ਇਕ ਕੇਸ ਵਿਚ ਸੱਜਣ ਕੁਮਾਰ ਦੇ ਖਿਲਾਫ ਦੋਸ਼ ਆਇਦ ਕਰਨ ਦੇ ਹੁਕਮ ਦਿੱਤੇ। ਇਸ ਬਾਰੇ ਇਥੇ ਇਕ ਪ੍ਰੈਸ ਕਾਨਫਰੰਸ ਵਿਚ ਜਾਣਕਾਰੀ ਦਿੰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਵਿਸ਼ੇਸ਼ ਜੱਜ ਰੋਜ਼ ਅਵੈਨਿਊ ਕੋਰਟ ਸ੍ਰੀ ਐਮ ਕੇ ਨਾਗਪਾਲ ਦੀ ਅਦਾਲਤ ਨੇ ਸੱਜਣ ਕੁਮਾਰ ਦੇ ਖਿਲਾਫ ਧਾਰਾਵਾਂ 147, 148, 149, 302, 308, 326, 395, 397, 427, 436, 440 ਅਤੇ 201 ਆਈ ਪੀ ਸੀ ਤਹਿਤ ਐਫ ਆਈ ਆਰ ਨੰਬਰ 458/1991 ਪੁਲਿਸ ਥਾਣਾ ਸਰਸਵਤੀ ਵਿਹਾਰ ਵਿਚ ਸੱਜਣ ਕੁਮਾਰ ਦੇ ਖਿਲਾਫ ਦੋਸ਼ ਆਇਦ ਕਰਨ ਦੇ ਹੁਕਮ ਦਿੱਤੇ ਹਨ।
ਸਰਦਾਰ ਕਾਲਕਾ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਵਾਪਰੇ ਨੂੰ ਅੱਜ 37 ਸਾਲ ਬੀਤ ਗਏ ਹਨ ਪਰ ਹਾਲੇ ਤੱਕ ਅਸੀਂ ਇਨਸਾਫ ਵਾਸਤੇ ਸੰਘਰਸ਼ ਕਰ ਰਹੇ ਹਾਂ। ਉਹਨਾਂ ਕਿਹਾ ਕਿ ਇਹ ਦਿੱਲੀ ਗੁਰਦੁਅਰਾ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਯਤਨਾਂ ਦੀ ਬਦੌਲਤ ਹੈ ਕਿ ਹੁਣ ਇਕ ਇਕ ਕਰ ਕੇ ਇਹਨਾਂ ਕੇਸਾਂ ਵਿਚ ਦੋਸ਼ੀਆਂ ਨੂੰ ਅਦਾਲਤਾਂ ਵੱਲੋਂ ਸ਼ਜਾਵਾਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਸੱਜਣ ਕੁਮਾਰ ਪਹਿਲਾਂ ਹੀ ਇਕ ਕੇਸ ਵਿਚ ਉਮਰ ਕੈਦ ਕੱਟ ਰਿਹਾ ਹੈ ਤੇ ਹੁਣ ਤਾਜ਼ਾ ਕੇਸ ਵਿਚ ਅਦਾਲਤੀ ਹੁਕਮਾਂ ਸਦਕਾ ਇਸ ਕੇਸ ਵਿਚ ਵੀ ਇਸਨੁੰ ਉਮਰ ਕੈਦ ਹੋਣੀ ਤੈਅ ਹੈ। ਉਹਨਾਂ ਦੱਸਿਆ ਕਿ ਮਾਮਲੇ ਦੀ ਅਗਲੀ ਸੁਣਵਾਈ 16 ਦਸੰਬਰ ਨੁੰ ਹੋਵੇਗੀ।
ਸਰਦਾਰ ਕਾਲਕਾ ਨੇ ਕਿਹਾ ਕਿ ਇਹ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ 37 ਸਾਲਾਂ ਦੌਰਾਨ ਇਹਨਾਂ ਕੇਸਾਂ ਨੁੰ ਦਬਾਉਣ ਦਾ ਯਤਨ ਹੋਇਆ ਤੇ ਵੱਖ ਵੱਖ ਕਮਿਸ਼ਨ ਗਠਿਤ ਕਰਨ ਦੇ ਬਾਵਜੂਦ ਵੀ ਇਨਸਾਫ ਨਾ ਮਿਲਿਆ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਦਬਾਅ ਕਾਰਨ ਕੇਂਦਰ ਸਰਕਾਰ ਨੇ ਨਵੇਂ ਸਿਰੇ ਤੋਂ ਐਸ ਆਈ ਟੀ ਦਾ ਗਠਨ ਕੀਤਾ ਤੇ ਇਹ ਕੇਸ ਮੁੜ ਖੋਲ੍ਹ ਕੇ ਹੁਣ ਸੱਜਣ ਕੁਮਾਰ ਤੇਹੋਰ ਦੋਸ਼ੀਆਂ ਨੁੰ ਸਜ਼ਾਵਾਂ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਸੱਜਣ ਕੁਮਾਰ ਤੋਂ ਬਾਅਦ ਜਗਦੀਸ਼ ਟਾਈਟਲਰ ਤੇ ਕਮਲਨਾਥ ਦੀ ਵਾਰੀ ਆਵੇਗੀ ਤੇ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ।
ਉਹਨਾਂ ਕਿਹਾ ਕਿ ਇਹਨਾਂ ਕੇਸਾਂ ਵਿਚ ਦਿੱਲੀ ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਤੇ ਜਸਵਿੰਦਰ ਸਿੰਘ ਜੌਲੀ ਸਮੇਤ ਇਹਨਾਂ ਦੇ ਸਾਥੀਆਂ ਨੇ ਸਭਨਾਂ ਨੇ ਮਿਲ ਕੇ ਲੜਾਈ ਲੜੀ ਹੈ ਤੇ ਕੌਮ ਨੁੰ ਇਨਸਾਫ ਦੁਆਉਣ ਵਿਚ ਕਾਮਯਾਬੀ ਮਿਲ ਰਹੀ ਹੈ। ਇਸ ਮੌਕੇ ਪ੍ਰੈਸ ਕਾਨਫਰੰਸ ਵਿਚ ਕਮੇਟੀ ਮੈਂਬਰ ਜਗਦੀਪ ਸਿੰਘ ਕਾਹਲੋਂ, ਭੁਪਿੰਦਰ ਸਿੰਘ ਭੁੱਲਰ, ਆਤਮਾ ਸਿੰਘ ਲੁਬਾਣਾ, ਸੁਖਬੀਰ ਸਿੰਘ ਕਾਲਰਾ, ਗੁਰਮੀਤ ਸਿੰਘ ਭਾਟੀਆ, ਹਰਜੀਤ ਸਿੰਘ ਪੱਪਾ ਆਦਿ ਮੈਂਬਰ ਹਾਜ਼ਰ ਸਨ।