ਚੰਡੀਗੜ੍ਹ, : 2017 ਦੀਆ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਸਮਾਣਾ ਤੋਂ ਉਮੀਦਵਾਰ ਰਹੇ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਸੀਨੀਅਰ ਆਗੂ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਸਮਾਣਾ ਤੋਂ ਵਿਧਾਇਕ ਰਾਜਿੰਦਰ ਸਿੰਘ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ। ਰਾਜਲਾ 1997 ਤੋ 2002 ਸਮਾਣਾ ਤੋਂ ਵਿਧਾਇਕ ਰਹੇ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਸਰਦਾਰ ਹਰਦਿਆਲ ਸਿੰਘ ਰਾਜਲਾ ਵੀ ਸਮਾਣਾ ਤੋਂ ਵਿਧਾਇਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹਿ ਚੁੱਕੇ ਹਨ।
ਪਾਰਟੀ ਵਿਚ ਰਾਜਲਾ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰਾਜਲਾ ਪਰਿਵਾਰ ਦਾ ਪਟਿਆਲਾ ਖੇਤਰ ਵਿਚ ਇਕ ਆਪਣਾ ਰਸੂਖ ਹੈ ਉਨ੍ਹਾਂ ਨੇ ਪਾਰਟੀ ਨਾਲ ਜੁੜਨ ਨਾਲ ਪਾਰਟੀ ਸਮਾਣਾ ਹਲਕੇ ਅਤੇ ਨਾਲ ਦੇ ਹਲਕਿਆਂ ਵਿੱਚ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੀਤੇ ਲੋਕ ਪੱਖੀ ਫ਼ੈਸਲਿਆਂ ਕਾਰਨ ਅੱਜ ਹਰ ਵਿਅਕਤੀ ਪੰਜਾਬ ਦੇ ਚੰਗੇ ਭਵਿੱਖ ਲਈ ਕਾਂਗਰਸ ਨਾਲ ਜੁੜਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਸਾਰਿਆਂ ਨੂੰ ਇਕ ਪਲੇਟਫਾਰਮ ਤੇ ਇਕੱਠਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜੀਵਨ ਦਾ ਇੱਕੋ ਇੱਕ ਟੀਚਾ ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ ਖਰੇ ਉਤਰਨਾ ਹੈ ਜਿਸ ਲਈ ਉਹ ਦਿਨ ਰਾਤ ਯਤਨ ਕਰ ਰਹੇ ਹਨ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਬਾਕੀ ਆਗੂਆਂ ਦਾ ਪਾਰਟੀ ਵਿੱਚ ਸ਼ਾਮਲ ਕਰਨ ਤੇ ਧੰਨਵਾਦ ਕਰਦਿਆਂ ਜਗਤਾਰ ਸਿੰਘ ਰਾਜਲਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਦਾ ਹਰ ਵਿਅਕਤੀ ਇਹ ਗੱਲ ਸਮਝ ਚੁੱਕਾ ਹੈ ਕਿ ਜੇਕਰ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਮੁੜ ਲੈ ਕੇ ਆਉਣਾ ਹੈ ਤਾਂ ਕਾਂਗਰਸ ਦੀ ਸਰਕਾਰ ਇੱਕ ਵਾਰ ਫੇਰ ਬਣਾਉਣੀ ਜ਼ਰੂਰੀ ਹੈ। ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਝੂਠ ਦਾ ਸੌਦਾਗਰ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਪ੍ਰੰਤੂ ਅਣਖੀ ਪੰਜਾਬੀ ਉਸ ਦਾ ਇਹ ਸੁਪਣਾ ਕਦੀ ਵੀ ਪੂਰਾ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਬਿਹਤਰੀ ਲਈ ਕਾਂਗਰਸ ਦੇ ਵਰਕਰ ਵਜੋਂ ਕਾਰਜ ਕਰਨਗੇ ਅਤੇ ਇਕ ਵਾਰ ਫੇਰ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਉਣਗੇ।