ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਲੁਧਿਆਣਾ ਦੇ ਹਲਕਾ ਪਾਇਲ ਪੁਹੰਚੇ ਉਥੇ ਉਹਨਾਂ ਨੇ ਪਾਇਲ ਤੇ ਮਲੌਦ ਦੇ ਵਿਕਾਸ ਲਈ 02 -02 ਕਰੋੜ ਦੇਣ ਦਾ ਐਲਾਨ ਕੀਤਾ। ਸਿਵਲ ਹਸਪਤਾਲ ਪਾਇਲ ਵਿਚ ਪੋਸਟ ਮਾਰਟਮ ਦੀ ਸਹੂਲਤ, ਗੰਦੇ ਪਾਣੀ ਦੇ ਨਿਕਾਸ ਲਈ 40 ਲੱਖ, ਪਾਇਲ ਬੀਜਾ ਸੜਕ ਦੀ ਵਿਸ਼ੇਸ਼ ਮੁਰੰਮਤ, ਨੰਬਰਦਾਰੀ ਜੱਦੀ ਪੁਸ਼ਤੀ ਸਰਬਰਾਹੀ ਤਹਿਤ ਨਵੀਂ ਸ਼ਰਤ ਨਾਲ ਦੇਣ, ਪਾਇਲ ਮੰਡੀ ਦੇ ਸ਼ੈੱਡ ਲਈ ਗਰਾਂਟ, ਅਹਿਮਦਗੜ੍ਹ ਤੋਂ ਚੰਡੀਗੜ੍ਹ ਬਾਰਸਤਾ ਪਾਇਲ ਅਤੇ ਚਿੰਤਪੂਰਨੀ ਤੱਕ ਦਾ ਬੱਸ ਰੂਟ ਬਹਾਲ ਕਰਨ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਅਮਨ ਸ਼ਾਂਤੀ ਲਈ ਕੁਰਬਾਨੀ ਕੀਤੀ ਤੇ ਉਹਨਾਂ ਦੇ ਖੇਤਰ ਵਿਚ ਵਿਕਾਸ ਦੀ ਕੋਈ ਕਮੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਜਲਸੇ ਵਿਚ ਪੰਜਾਬ ਦੀ ਬਦਲਦੀ ਤਕਦੀਰ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਪੰਜਾਬ ਦੇ ਲੋਕ ਖੁਸ਼ ਨਹੀਂ ਹੋ ਜਾਂਦੇ ਓਦੋਂ ਤੱਕ ਕਾਂਗਰਸ ਪਾਰਟੀ ਟਿੱਕ ਕੇ ਨਹੀਂ ਬੈਠੇਗੀ। ਉਨ੍ਹਾਂ ਕਿਹਾ ਕਿ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਆਪਣੀ ਜ਼ਿੰਮੇਵਾਰੀ ਅਤੇ ਸੇਵਾ ਤਨ ਦੇਹੀ ਨਾਲ ਨਿਭਾਈ ਹੈ ਤੇ ਹਲਕੇ ਦਾ ਵਿਕਾਸ ਕਰਵਾਇਆ ਹੈ।
ਕੈਬਿਨਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਲਈ ਇਤਿਹਾਸਕ ਫ਼ੈਸਲੇ ਕੀਤੇ ਹਨ ਤੇ ਸੂਬਾ ਤਰੱਕੀ ਦੇ ਰਾਹ ਪਿਆ ਹੈ। ਪੰਜਾਬ ਸਰਹੱਦੀ ਸੂਬਾ ਹੈ ਤੇ ਪੰਜਾਬ ਦੇ ਦੁਸ਼ਮਣ ਬਹੁਤ ਹਨ। ਪਹਿਲਾਂ ਪੰਜਾਬ ਨੂੰ ਅੱਤਵਾਦ ਦੇ ਹਨੇਰੇ ਵਿਚ ਧੱਕ ਦਿੱਤਾ ਗਿਆ ਤੇ ਅੱਜ ਕਾਂਗਰਸ ਸਦਕਾ ਪੰਜਾਬ ਵਿਚ ਅਮਨ ਸ਼ਾਂਤੀ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੇ ਐਲਾਨ ਕੀਤਾ ਸੀ ਕਿ ਦਲਿਤ ਉਪ ਮੁੱਖ ਮੰਤਰੀ ਲਾਵਾਂਗੇ ਪਰ ਉਹ ਕਦੇ ਪਰਿਵਾਰ ਤੋਂ ਬਾਹਰ ਹੀ ਨਹੀਂ ਜਾਂਦੇ। “ਆਪ” ਨੇ ਵੀ ਐਲਾਨ ਕੀਤਾ ਕਿ ਦਲਿਤ ਉਪ ਮੁੱਖ ਮੰਤਰੀ ਹੋਵੇਗਾ ਪਰ ਕਾਂਗਰਸ ਨੇ ਇਹਨਾਂ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਵਿਰੋਧੀਆਂ ਕੋਲ ਹੁਣ ਕਹਿਣ ਨੂੰ ਕੋਈ ਗੱਲ ਨਹੀਂ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸੰਸਦ ਮੈਂਬਰ ਸ.ਅਮਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦਾ ਹੰਕਾਰ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨੇ ਤੋੜਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਲੋਕਾਂ ਦਾ ਐਨਾ ਭਰੋਸਾ ਜਿੱਤ ਲਿਆ ਕੇ ਲੋਕ ਉਹਨਾਂ ਨੂੰ ਉਡੀਕਦੇ ਰਹਿੰਦੇ ਹਨ। ਇਹ ਹਲਕਾ ਕਾਂਗਰਸ ਦਾ ਗੜ੍ਹ ਹੈ ਤੇ ਏਥੇ ਪਾਰਟੀ ਦੀ ਜਿੱਤ ਅਟਲ ਹੈ। ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਪਾਇਲ ਵਿਚ ਕਾਂਗਰਸ ਪਾਰਟੀ 1967 ਤੋਂ ਲੈਕੇ ਬਹੁਤ ਮਜ਼ਬੂਤ ਹੈ। ਸ. ਚੰਨੀ ਓਦੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ਜਦੋਂ ਲੋਕਾਂ ਦੀ ਮੰਗ ਸੀ ਕਿ ਮੁੱਖ ਮੰਤਰੀ ਲੋਕਾਂ ਦੀ ਨਬਜ਼ ਪਛਾਨਣ ਵਾਲਾ ਹੋਵੇ। ਉਹਨਾਂ ਕਿਹਾ ਕਿ ਹਲਕੇ ਵਿੱਚ ਕਈ ਸੌ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ ਤੇ ਬਾਕੀ ਜਾਰੀ ਹਨ। ਇਸ ਮੌਕੇ ਉਨ੍ਹਾਂ ਵੱਖ-ਵੱਖ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੀ ਵੰਡੇ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਤੇਜ ਪ੍ਰਕਾਸ਼ ਕੋਟਲੀ, ਵਿਧਾਇਕ ਰਾਕੇਸ਼ ਪਾਂਡੇ, ਅਮਰੀਕ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਸਮੇਤ ਪਤਵੰਤੇ ਹਾਜ਼ਰ ਸਨ।