ਪੰਜਾਬ ਦੇ ਉੱਭਰਦੇ ਕ੍ਰਿਕਟਰ ਤੇ ਪਟਿਆਲਾ ਦੇ ਵਿਕਟਕੀਪਰ-ਬੱਲੇਬਾਜ਼ ਪ੍ਰਭਸਿਮਰਨ ਸਿੰਘ ਦੀ ਪਹਿਲੀ ਵਾਰ ਭਾਰਤੀ ਸੀਨੀਅਰ ਕ੍ਰਿਕਟ ਟੀਮ ਵਿਚ ਚੋਣ ਹੋਈ ਹੈ। ਉਨ੍ਹਾਂ ਨੂੰ ਜ਼ਿੰਬਾਬਵੇ ਦੌਰੇ ਲਈ ਐਲਾਨੀ ਗਈ ਭਾਰਤੀ ਟੀ-20 ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਵੱਲੋਂ ਸੋਮਵਾਰ ਦੇਰ ਰਾਤ ਟੀਮ ਦਾ ਐਲਾਨ ਕੀਤਾ ਗਿਆ, ਜਿਸ ’ਚ ਪ੍ਰਭਸਿਮਰਨ ਨੂੰ ਵਿਕਟਕੀਪਰ-ਬੱਲੇਬਾਜ਼ ਵਜੋਂ ਥਾਂ ਮਿਲੀ ਹੈ। ਜ਼ਿੰਬਾਬਵੇ ਦੌਰੇ ਦੌਰਾਨ ਭਾਰਤ ਅਤੇ ਜ਼ਿੰਬਾਬਵੇ ਵਿਚਾਲੇ 23, 25 ਅਤੇ 26 ਜੁਲਾਈ ਨੂੰ ਤਿੰਨ ਟੀ-20 ਮੈਚ ਖੇਡੇ ਜਾਣਗੇ।ਪ੍ਰਭਸਿਮਰਨ ਸਿੰਘ ਦੀ ਚੋਣ ਨੂੰ ਉਨ੍ਹਾਂ ਦੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਮੰਨਿਆ ਜਾ ਰਿਹਾ ਹੈ। ਸੱਜੇ ਹੱਥ ਦੇ ਹਮਲਾਵਰ ਬੱਲੇਬਾਜ਼ ਪ੍ਰਭਸਿਮਰਨ ਪਿਛਲੇ ਕਈ ਸਾਲਾਂ ਤੋਂ ਆਈਪੀਐੱਲ ਫਰੈਂਚਾਈਜ਼ੀ ਪੰਜਾਬ ਕਿੰਗਜ਼ ਲਈ ਸਲਾਮੀ ਬੱਲੇਬਾਜ਼ ਵਜੋਂ ਖੇਡ ਰਹੇ ਹਨ। ਆਪਣੀ ਧਮਾਕੇਦਾਰ ਬੱਲੇਬਾਜ਼ੀ ਅਤੇ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਸਮਰੱਥਾ ਕਾਰਨ ਉਨ੍ਹਾਂ ਨੇ ਆਈਪੀਐੱਲ ਵਿਚ ਵੱਖਰੀ ਪਛਾਣ ਬਣਾਈ ਹੈ। ਘਰੇਲੂ ਕ੍ਰਿਕਟ ਵਿਚ ਵੀ ਪੰਜਾਬ ਲਈ ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਨੇ ਚੋਣਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪ੍ਰਭਸਿਮਰਨ ਇੱਕ ਖੇਡ ਪ੍ਰੇਮੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਚਚੇਰੇ ਭਰਾ ਅਨਮੋਲਪ੍ਰੀਤ ਸਿੰਘ ਵੀ ਆਈਪੀਐੱਲ ਵਿਚ ਖੇਡ ਚੁੱਕੇ ਹਨ ਅਤੇ ਘਰੇਲੂ ਕ੍ਰਿਕਟ ’ਚ ਪੰਜਾਬ ਦੀ ਨੁਮਾਇੰਦਗੀ ਕਰ ਚੁੱਕੇ ਹਨ। ਭਾਰਤੀ ਟੀਮ ’ਚ ਚੋਣ ਹੋਣ ਮਗਰੋਂ ਪ੍ਰਭਸਿਮਰਨ ਦੇ ਚਾਚਾ ਸਤਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ ਅਤੇ ਬਚਪਨ ਤੋਂ ਹੀ ਘਰ ਵਿਚ ਆਪਸ ਵਿਚ ਨਿਯਮਿਤ ਤੌਰ ‘ਤੇ ਕ੍ਰਿਕਟ ਦੀ ਪ੍ਰੈਕਟਿਸ ਕਰਦੇ ਸਨ। ਜਦੋਂ ਪਰਿਵਾਰ ਨੂੰ ਲੱਗਾ ਕਿ ਪ੍ਰਭਸਿਮਰਨ ਦਾ ਖੇਡ ਆਮ ਖਿਡਾਰੀਆਂ ਨਾਲੋਂ ਵਧੀਆ ਹੈ ਤਾਂ ਉਨ੍ਹਾਂ ਨੇ ਕ੍ਰਿਕਟ ਨੂੰ ਹੀ ਕਰੀਅਰ ਵਜੋਂ ਚੁਣਨ ਦਾ ਫ਼ੈਸਲਾ ਕੀਤਾ।
ਪ੍ਰਭਸਿਮਰਨ ਦੇ ਚਾਚਾ ਤੇ ਸਾਬਕਾ ਅੰਤਰਰਾਸ਼ਟਰੀ ਹੈਂਡਬਾਲ ਖਿਡਾਰੀ, ਸੇਵਾਮੁਕਤ ਇੰਸਪੈਕਟਰ ਸਤਵਿੰਦਰਪਾਲ ਸਿੰਘ ਗੋਰਾ ਨੇ ਦੱਸਿਆ ਕਿ ਉਹ ਖੁਦ ਹੈਂਡਬਾਲ ’ਚ ਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਹਨ ਪਰ ਐਤਵਾਰ ਨੂੰ ਦੋਸਤਾਂ ਨਾਲ ਕ੍ਰਿਕਟ ਖੇਡਣ ਲਈ ਵੀ ਮੈਦਾਨ ’ਚ ਜਾਂਦੇ ਸਨ। ਉਸੇ ਦੌਰਾਨ ਪ੍ਰਭਸਿਮਰਨ ਅਤੇ ਅਨਮੋਲਪ੍ਰੀਤ ਦੀ ਕ੍ਰਿਕਟ ਵਿੱਚ ਦਿਲਚਸਪੀ ਵਧੀ ਅਤੇ ਦੋਵਾਂ ਨੇ ਇਸ ਖੇਡ ਨੂੰ ਗੰਭੀਰਤਾ ਨਾਲ ਅਪਣਾਇਆ। ਜਿਸ ਦਾ ਨਤੀਜਾ ਅੱਜ ਭਾਰਤੀ ਟੀਮ ਵਿੱਚ ਚੋਣ ਦੇ ਰੂਪ ਵਿੱਚ ਸਾਹਮਣੇ ਆਇਆ ਹੈ।
ਸ਼ਹਿਰ ’ਚ ਖੁਸ਼ੀ ਦੀ ਲਹਿਰ
ਪ੍ਰਭਸਿਮਰਨ ਸਿੰਘ ਦੀ ਭਾਰਤੀ ਟੀਮ ’ਚ ਚੋਣ ਨਾਲ ਪਟਿਆਲਾ ਅਤੇ ਪੰਜਾਬ ਦੇ ਖੇਡ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ। ਸਥਾਨਕ ਕ੍ਰਿਕਟ ਜਗਤ ਦਾ ਮੰਨਣਾ ਹੈ ਕਿ ਘਰੇਲੂ ਕ੍ਰਿਕਟ ਅਤੇ ਆਈਪੀਐੱਲ ’ਚ ਲਗਾਤਾਰ ਮਿਹਨਤ ਕਰਨ ਵਾਲੇ ਇਸ ਨੌਜਵਾਨ ਖਿਡਾਰੀ ਨੂੰ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਕਾਬਲੀਅਤ ਸਾਬਤ ਕਰਨ ਦਾ ਮੌਕਾ ਮਿਲੇਗਾ। ਕ੍ਰਿਕਟ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਪ੍ਰਭਸਿਮਰਨ ਜ਼ਿੰਬਾਬਵੇ ਦੌਰੇ ਦੌਰਾਨ ਮਿਲੇ ਮੌਕੇ ਦਾ ਪੂਰਾ ਲਾਭ ਉਠਾਉਂਦਿਆਂ ਭਾਰਤੀ ਟੀਮ ਵਿੱਚ ਆਪਣੀ ਜਗ੍ਹਾ ਹੋਰ ਮਜ਼ਬੂਤ ਕਰਨਗੇ।












