ਚੰਡੀਗੜ੍ਹ, 29 ਜਨਵਰੀ 2022 – ਬੀਜੇਪੀ ਦੇ ਵੱਡੇ ਆਗੂ ਮਦਨ ਮੋਹਨ ਮਿੱਤਲ ਅਕਾਲੀ ਦਲ ‘ਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ‘ਚ ਸ਼ਾਮਿਲ ਕੀਤਾ। ਸੁਖਬੀਰ ਬਾਦਲ ਵੱਲੋਂ ਉਹਨਾਂ ਨੂੰ ਪਾਰਟੀ ਦਾ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਗਿਆ ਹੈ।
ਅਸਲ ‘ਚ ਆਨੰਦਪੁਰ ਸਾਹਿਬ ਤੋਂ ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੂੰ ਪੂਰੀ ਤਰ੍ਹਾਂ ਨਾਲ ਲਾਂਭੇ ਕਰ ਦਿੱਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਮਦਨ ਮੋਹਨ ਮਿੱਤਲ ਦੀ ਟਿਕਟ ਇਸ ਵਾਰ ਬੀਜੇਪੀ ਦੀ ਵੱਡੀ ਲੀਡਰਸ਼ਿਪ ਵੱਲੋਂ ਕੱਟ ਦਿੱਤੀ ਗਈ ਸੀ।
ਦੱਸ ਦੇਈਏ ਕਿ ਪਿਛਲੀਆਂ 2017 ਦੀਆਂ ਚੋਣਾਂ ਵਿੱਚ ਵੀ ਭਾਜਪਾ ਨੇ ਮਦਨ ਮੋਹਨ ਮਿੱਤਲ ਨੂੰ ਟਿਕਟ ਨਾ ਦੇ ਕੇ ਭਾਨੂਪਾਲੀ ਦੇ ਰਹਿਣ ਵਾਲੇ ਡਾਕਟਰ ਪਰਮਿੰਦਰ ਨੂੰ ਟਿਕਟ ਦਿੱਤੀ ਸੀ। ਇਸ ਵਾਰ ਫਿਰ ਭਾਜਪਾ ਨੇ ਡਾਕਟਰ ਪਰਮਿੰਦਰ ਨੂੰ ਚੋਣ ਦੰਗਲ ਵਿੱਚ ਉਤਾਰਿਆ ਹੈ। ਮਦਨ ਮੋਹਨ ਮਿੱਤਲ ਚਾਹੁੰਦੇ ਸਨ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਟਿਕਟ ਨਹੀਂ ਦੇਣਾ ਚਾਹੁੰਦੀ ਤਾਂ ਉਹ ਨਾ ਦੇਵੇ ਸਗੋਂ ਉਨ੍ਹਾਂ ਦੇ ਪੁੱਤਰ ਅਰਵਿੰਦ ਨੂੰ ਆਨੰਦਪੁਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰੇ। ਪਰ ਭਾਜਪਾ ਦੀ ਉੱਚ ਲੀਡਰਸ਼ਿਪ ਨੇ ਉਸ ਦੀ ਗੱਲ ਨਹੀਂ ਸੁਣੀ। ਨਾ ਤਾਂ ਉਨ੍ਹਾਂ ਨੂੰ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬਣਾਇਆ ਅਤੇ ਨਾ ਹੀ ਉਨ੍ਹਾਂ ਦੇ ਪੁੱਤਰ ਨੂੰ ਟਿਕਟ ਦਿੱਤੀ।
ਜਿਸ ਤੋਂ ਬਾਅਦ ਉਹ ਹੁਣ ਅਕਾਲੀ ਦਲ ‘ਚ ਸ਼ਾਮਿਲ ਹੋ ਗਏ ਹਨ।












