- ED ਮੁੜ ਮੰਗੇਗਾ ਰਿਮਾਂਡ, ਇਨਕਮ ਟੈਕਸ ਵਿਭਾਗ ਨੇ ਵੀ ਕੀਤੀ ਘੇਰਾਬੰਦੀ ਦੀ ਤਿਆਰੀ
ਚੰਡੀਗੜ੍ਹ, 11 ਫਰਵਰੀ 2022 – ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਨੂੰ ਅੱਜ ਮੁੜ ਅਦਾਲਤ ਵਿੱਚ ਪੇਸ਼ ਕਰੇਗੀ, ਜਿਸ ’ਤੇ ਰੇਤ ਮਾਈਨਿੰਗ ਮਾਫੀਆ ਤੋਂ ਮਾਈਨਿੰਗ ਅਫਸਰਾਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਲਈ 10 ਕਰੋੜ ਰੁਪਏ ਲੈਣ ਦਾ ਦੋਸ਼ ਹੈ। ਇੱਥੇ ਈਡੀ ਫਿਰ ਤੋਂ ਹਨੀ ਦੇ 7 ਦਿਨਾਂ ਦੇ ਰਿਮਾਂਡ ਦੀ ਮੰਗ ਕਰੇਗੀ। ਇਸ ‘ਤੇ ਬਹਿਸ ਦੁਪਹਿਰ 2 ਵਜੇ ਸ਼ੁਰੂ ਹੋਵੇਗੀ।
ਈਡੀ ਨੇ ਇਸ ਤੋਂ ਪਹਿਲਾਂ 4 ਫਰਵਰੀ ਨੂੰ ਭੁਪਿੰਦਰ ਸਿੰਘ ਹਨੀ ਨੂੰ 4 ਦਿਨ ਦੇ ਰਿਮਾਂਡ ‘ਤੇ ਲਿਆ ਸੀ। ਉਸ ਤੋਂ ਬਾਅਦ 8 ਫਰਵਰੀ ਨੂੰ ਮੁੜ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਗਈ। ਅਦਾਲਤ ਨੇ ਹਨੀ ਨੂੰ ਮੁੜ ਪੁੱਛਗਿੱਛ ਲਈ ਤਿੰਨ ਦਿਨਾਂ ਲਈ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ।
ਅੱਜ ਦੂਜੀ ਵਾਰ ਲਿਆ ਗਿਆ ਭੁਪਿੰਦਰ ਸਿੰਘ ਹਨੀ ਦਾ ਰਿਮਾਂਡ ਖਤਮ ਹੋ ਰਿਹਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਹਨੀ ਨੂੰ ਮੁੜ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਪੇਸ਼ ਕਰੇਗੀ। ਇਹ ਵੀ ਸੰਭਾਵਨਾ ਹੈ ਕਿ ਅਦਾਲਤ ਹਨੀ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਸਕਦੀ ਹੈ।
ਦੱਸ ਦੇਈਏ ਕਿ ਰਿਮਾਂਡ ਦੌਰਾਨ ਹੀ ਈਡੀ ਨੇ ਦਾਅਵਾ ਕੀਤਾ ਸੀ ਕਿ ਪੁੱਛਗਿੱਛ ਦੌਰਾਨ ਹਨੀ ਨੇ ਮੰਨਿਆ ਹੈ ਕਿ ਉਸ ਨੇ ਮਾਈਨਿੰਗ ਮਾਫੀਆ ਤੋਂ ਆਪਣੇ ਅਤੇ ਆਪਣੇ ਦੋਸਤ ਦੇ ਘਰੋਂ ਦਸ ਕਰੋੜ ਰੁਪਏ ਲਏ ਸਨ। ਉਸ ਨੇ ਮਾਈਨਿੰਗ ਵਿਭਾਗ ਦੇ ਹੀ ਕੁਝ ਅਧਿਕਾਰੀਆਂ ਦੀ ਤਾਇਨਾਤੀ ਅਤੇ ਤਬਾਦਲੇ ਦੇ ਬਦਲੇ ਮਾਈਨਿੰਗ ਮਾਫੀਆ ਤੋਂ ਪੈਸੇ ਲਏ ਸਨ।
ਭੁਪਿੰਦਰ ਸਿੰਘ ਹਨੀ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਬਾਅਦ ਹੁਣ ਇਨਕਮ ਟੈਕਸ ਵਿਭਾਗ ਨੇ ਹਨੀ ਨੂੰ ਘੇਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਵਿਭਾਗੀ ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਜਿਵੇਂ ਹੀ ਹਨੀ ਨਿਆਇਕ ਹਿਰਾਸਤ ਵਿਚ ਜਾਂਦਾ ਹੈ ਤਾਂ ਆਮਦਨ ਕਰ ਵਿਭਾਗ ਉਸ ਨੂੰ ਆਪਣੀ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰ ਸਕਦਾ ਹੈ। ਮੁੱਖ ਮੰਤਰੀ ਚੰਨੀ ਦਾ ਭਤੀਜਾ ਕੇਂਦਰੀ ਏਜੰਸੀਆਂ ਦੇ ਮਾਮਲੇ ਵਿੱਚ ਬੁਰੀ ਤਰ੍ਹਾਂ ਉਲਝਦਾ ਨਜ਼ਰ ਆ ਰਿਹਾ ਹੈ।
ਪਿਛਲੀ ਪੇਸ਼ੀ ‘ਤੇ ਈਡੀ ਦੀ ਤਰਫੋਂ ਅਦਾਲਤ ‘ਚ ਪੇਸ਼ ਹੋਏ ਵਕੀਲ ਲੋਕੇਸ਼ ਨਾਰੰਗ ਨੇ ਕਿਹਾ ਸੀ ਕਿ ਆਪਣੇ ਰਿਸ਼ਤੇਦਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਲੈ ਕੇ ਮਾਈਨਿੰਗ ਮਾਫੀਆ ਤੋਂ 10 ਕਰੋੜ ਰੁਪਏ ਕਮਾਉਣ ਵਾਲੇ ਭੁਪਿੰਦਰ ਸਿੰਘ ਹਨੀ ਦੇ ਲਿੰਕ ਅੱਗੇ ਵੀ ਕਈ ਥਾਵਾਂ ‘ਤੇ ਜੁੜੇ ਹੋਏ ਹਨ। ਇਸ ਵਿਚ ਹੋਰ ਵੀ ਕਈ ਲੋਕ ਸ਼ਾਮਲ ਹਨ। ਈਡੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਹ ਮਾਮਲਾ ਸਿਰਫ਼ ਦਸ ਕਰੋੜ ਦਾ ਨਹੀਂ ਹੈ। ਸਗੋਂ ਜਾਂਚ ‘ਚ ਪਤਾ ਲੱਗਾ ਹੈ ਕਿ ਇਹ ਕਰੋੜਾਂ ਦਾ ਮਾਮਲਾ ਹੈ। ਮੁੱਖ ਮੰਤਰੀ ਦਾ ਨਾਂ ਵਰਤ ਕੇ 325 ਕਰੋੜ ਰੁਪਏ ਕਮਾਏ ਗਏ ਹਨ।