ਪਠਾਨਕੋਟ, 16 ਫਰਵਰੀ 2022 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਪਠਾਨਕੋਟ ਵਿੱਚ ਦੂਜੀ ਰੈਲੀ ਕੀਤੀ। ਇਸ ਦੌਰਾਨ ਪੀਐਮ ਨੇ ਕਿਹਾ ਕਿ ਕਾਂਗਰਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਪੋਭੂਮੀ ਨੂੰ ਭਾਰਤ ਵਿੱਚ ਰੱਖਣ ਦੇ ਤਿੰਨ ਮੌਕੇ ਗੁਆ ਦਿੱਤੇ ਹਨ। ਉਨ੍ਹਾਂ ਕਾਂਗਰਸ ‘ਤੇ ਸਵਾਲ ਕੀਤਾ ਕਿ ਜਦੋਂ ਭਾਰਤ ਦੀ ਵੰਡ ਹੋਈ ਸੀ ਤਾਂ ਸਾਰੇ ਨੇਤਾ ਕਾਂਗਰਸ ਦੇ ਸਨ। ਗੁਰੂ ਨਾਨਕ ਦੇਵ ਜੀ ਦੀ ਤਪੋਭੂਮੀ ਭਾਰਤ ਤੋਂ 6 ਕਿਲੋਮੀਟਰ ਦੂਰ ਪਾਕਿਸਤਾਨ ‘ਚ ਰਹਿ ਗਈ, ਕੀ ਉਹਨਾਂ ਨੂੰ ਇਹ ਸਮਝ ਨਹੀਂ ਆਈ ਕੇ ਇਸ ਨੂੰ ਭਾਰਤ ‘ਚ ਰੱਖ ਲਈਏ ? ਕਾਂਗਰਸ ਨੇ ਇਹ ਪਾਪ ਕੀਤਾ ਹੈ। ਸਾਡੀਆਂ ਭਾਵਨਾਵਾਂ ਨੂੰ ਕੁਚਲ ਦਿੱਤਾ।
1965 ਦੀ ਜੰਗ ਹੋਈ। ਭਾਰਤੀ ਫ਼ੌਜ ਲਾਹੌਰ ਵਿਚ ਝੰਡਾ ਲਹਿਰਾਉਣ ਦੀ ਤਾਕਤ ਨਾਲ ਅੱਗੇ ਵਧ ਰਹੀ ਸੀ। ਜੇਕਰ ਅਸੀਂ 2 ਕਦਮ ਅੱਗੇ ਚਲੇ ਜਾਂਦੇ ਤਾਂ ਸਾਡੇ ਕੋਲ ਗੁਰੂ ਨਾਨਕ ਦੇਵ ਜੀ ਦੀ ਤਪੋਭੂਮੀ ਹੋਣੀ ਸੀ।
ਫਿਰ ਬੰਗਲਾਦੇਸ਼ ਦੀ ਲੜਾਈ ਹੋਈ। 90 ਹਜ਼ਾਰ ਪਾਕਿਸਤਾਨੀ ਫੌਜੀ ਭਾਰਤੀ ਫੌਜ ਅੱਗੇ ਝੁਕ ਗਏ। ਉਹ ਸਾਡੀ ਕੈਦ ਵਿੱਚ ਸੀ। ਜੇਕਰ ਦਿੱਲੀ ਵਿੱਚ ਬੈਠੀ ਸਰਕਾਰ ਵਿੱਚ ਹਿੰਮਤ ਹੁੰਦੀ ਤਾਂ ਸਿਰਫ ਇਹ ਕਹਿਣਾ ਸੀ ਕਿ ਇਹ ਫੌਜੀ ਗੁਰੂ ਨਾਨਕ ਦੇਵ ਜੀ ਦੀ ਤਪੋਭੂਮੀ ਵਾਪਸ ਮਿਲਣ ‘ਤੇ ਹੀ ਮਿਲਣਗੇ। ਉਸਨੇ ਇਹ ਕੰਮ ਕਿਉਂ ਨਹੀਂ ਕੀਤਾ ? 3 ਮੌਕੇ ਮਿਲੇ ਪਰ ਇਸ ਨੂੰ ਗੁਆ ਦਿੱਤਾ ਗਿਆ।
ਜਦੋਂ ਸਾਨੂੰ ਮੌਕਾ ਮਿਲਿਆ, ਅਸੀਂ ਕੂਟਨੀਤਕ ਤੌਰ ‘ਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ। ਅੱਜ ਲੋਕ ਦੂਰਬੀਨ ਰਾਹੀਂ ਨਹੀਂ ਸਗੋਂ ਹੁਣ ਖੁਦ ਉੱਥੇ ਜਾ ਕੇ ਕਰਤਾਰਪੁਰ ਸਾਹਿਬ ਦੇਖ ਸਕਦੇ ਹਨ।












