ਚੰਡੀਗੜ੍ਹ, 8 ਜਨਵਰੀ 2022 – ਪੰਜਾਬ ‘ਚ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹਨ ਅਤੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਹੋਈ ਸੁਰੱਖਿਆ ਦੀ ਉਲੰਘਣਾ ਮਾਮਲੇ ਵਿਚ ਹੁਣ ਸਿਆਸਤ ਤੇਜ਼ ਹੋ ਗਈ ਹੈ। ਉੱਥੇ ਹੀ ਹੁਣ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਟਵੀਟ ਸਾਹਮਣੇ ਆਇਆ ਹੈ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵੀਟ ਰਾਹੀਂ ਨਿਸ਼ਾਨੇ ‘ਤੇ ਲਿਆ ਗਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਨਾਂਅ ਲਏ ਬਗੈਰ ਸਰਦਾਰ ਵੱਲਭ ਭਾਈ ਪਟੇਲ ਦਾ ਇਕ ਬਿਆਨ ਟਵੀਟ ਕੀਤਾ ਹੈ। ਉੱਥੇ ਹੀ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਵੀ ਅਹਿਜਾ ਹੀ ਇੱਕ ਟਵੀਟ ਸਾਹਮਣੇ ਆਇਆ ਹੈ।
ਜਿਸ ‘ਚ ਉਹਨਾਂ ਕਿਹਾ ਕਿ, “ਜਿਸਨੂੰ ਫਰਜ਼ ਨਾਲੋਂ ਜਾਨ ਦੀ ਜ਼ਿਆਦਾ ਪਰਵਾਹ ਹੋਵੇ, ਉਸਨੂੰ ਭਾਰਤ ਵਰਗੇ ਦੇਸ਼ ‘ਚ ਵੱਡੀ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ !”
ਸੀ.ਐਮ ਚਰਨਜੀਤ ਚੰਨੀ ਨੇ ਫਿਰੋਜ਼ਪੁਰ ‘ਚ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਚ ਸਰਦਾਰ ਵੱਲਭ ਭਾਈ ਪਟੇਲ ਦੀ ਗੱਲ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ ਹੈ। ਸੀਐਮ ਚੰਨੀ ਨੇ ਸਰਦਾਰ ਪਟੇਲ ਦੀ ਫੋਟੋ ਸਮੇਤ ਬਿਆਨ ਟਵੀਟ ਕੀਤਾ ਹੈ। ਜਿਸ ਵਿੱਚ ਸਰਦਾਰ ਪਟੇਲ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ‘ਜਿਸ ਨੂੰ ਫਰਜ਼ ਨਾਲੋਂ ਜ਼ਿੰਦਗੀ ਦੀ ਚਿੰਤਾ ਹੈ, ਉਸ ਨੂੰ ਭਾਰਤ ਵਰਗੇ ਦੇਸ਼ ਵਿੱਚ ਵੱਡੀ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ’। ਸੀਐਮ ਨੇ ਇਸ ਵਿੱਚ ਸਿੱਧੇ ਤੌਰ ‘ਤੇ ਪੀਐਮ ਮੋਦੀ ਦਾ ਨਾਮ ਨਹੀਂ ਲਿਖਿਆ, ਪਰ ਇਸ਼ਾਰਿਆਂ ਵਿੱਚ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ।
ਸੀਐਮ ਚਰਨਜੀਤ ਚੰਨੀ ਦੇ ਇਸ ਟਵੀਟ ਤੋਂ ਬਾਅਦ ਪੰਜਾਬ ਵਿੱਚ ਗ੍ਰਹਿ ਮੰਤਰਾਲੇ ਦੀ ਦੇਖ-ਰੇਖ ਕਰ ਰਹੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਵੀ ਟਵੀਟ ਕੀਤਾ ਹੈ। ਇਸ ਨਾਲ ਰੰਧਾਵਾ ਨੇ ਕਿਹਾ ਕਿ ਪੰਜਾਬ ਨੂੰ ਮੁਆਫ਼ ਨਹੀਂ ਕਰੇਗਾ, 70 ਹਜ਼ਾਰ ਕੁਰਸੀਆਂ 700 ਬੰਦੇ, ਪੰਜਾਬ ਵਿਰੋਧੀ ਮੋਦੀ ਦੇ ਹੈਸ਼ਟੈਗ ਵੀ ਲਾਏ। ਸੁਖਜਿੰਦਰ ਰੰਧਾਵਾ ਨੂੰ ਇਸ ਲਈ ਵੀ ਗੁੱਸਾ ਜ਼ਿਆਦਾ ਹੈ ਕਿਉਂਕਿ ਉਹ ਪੰਜਾਬ ਦੇ ਗ੍ਰਹਿ ਮੰਤਰਾਲਾ ਦੇਖ-ਰੇਖ ਕਰ ਰਹੇ ਹਨ ਅਤੇ ਅਜਿਹੇ ‘ਚ ਸੁਰੱਖਿਆ ‘ਚ ਕੁਤਾਹੀ ਲਈ ਉਸ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਪੰਜਾਬ ਭਾਜਪਾ ਵੀ ਸੂਬੇ ਦੀ ਕਾਂਗਰਸ ਸਰਕਾਰ ਨੂੰ ਜਵਾਬ ਦੇਣ ਵਿੱਚ ਪਿੱਛੇ ਨਹੀਂ ਰਹੀ। ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹੈਸ਼ਟੈਗ ‘ਪੰਜਾਬ ਤੋਂ ਮੁਆਫ਼ ਨਹੀਂ ਕਰੇਗਾ’ ਵਰਤਿਆ ਅਤੇ ਲਿਖਿਆ ਕਿ ਕਾਂਗਰਸ ਨੇ ਪੰਜਾਬ ਨੂੰ ਦਿੱਤਾ ਤੋਹਫ਼ਾ ਬੰਦ ਕਰ ਦਿੱਤਾ ਹੈ। ਪੰਜਾਬ ਨੂੰ 39,500 ਕਰੋੜ ਰੁਪਏ ਵਿੱਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ, 1700 ਕਰੋੜ ਰੁਪਏ ਵਿੱਚ ਅੰਮ੍ਰਿਤਸਰ-ਊਨਾ ਨੂੰ ਚਾਰ ਮਾਰਗੀ, 490 ਕਰੋੜ ਰੁਪਏ ਵਿੱਚ ਫਿਰੋਜ਼ਪੁਰ ਵਿੱਚ ਪੀਜੀਆਈ ਸੈਟੇਲਾਈਟ ਕੇਂਦਰ ਅਤੇ 325 ਕਰੋੜ ਰੁਪਏ ਵਿੱਚ ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ 2 ਮੈਡੀਕਲ ਕਾਲਜ ਮਿਲਣੇ ਸਨ। ਜੋ ਕਿ ਪੀ.ਐਮ ਦੀ ਸੁਰੱਖਿਆ ਵਿੱਚ ਕਮੀ ਦੇ ਬਾਅਦ ਰਹਿ ਗਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ‘ਚ ਸੁਰੱਖਿਆ ਪੱਖੋਂ ਘਿਰੀ ਕਾਂਗਰਸ ਇਸ ਨੂੰ ਪੰਜਾਬ ਦਾ ਅਪਮਾਨ ਦੱਸ ਰਹੀ ਹੈ। ਸੀ.ਐਮ.ਚੰਨੀ ਤੋਂ ਲੈ ਕੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੱਕ ਵੀ ਪੀ.ਐਮ ਦੇ ਜਿੰਦਾ ਹੋਣ ਦੇ ਮਾਮਲੇ ਨੂੰ ਪੰਜਾਬ ਅਤੇ ਪੰਜਾਬੀਅਤ ਨਾਲ ਜੋੜ ਰਹੇ ਹਨ। ਕਾਂਗਰਸ ਲਗਾਤਾਰ ਇਹ ਨੁਕਤਾ ਉਠਾ ਰਹੀ ਹੈ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਪੰਜਾਬੀਆਂ ਨੇ 90% ਕੁਰਬਾਨੀਆਂ ਦਿੱਤੀਆਂ। ਹਰ ਰੋਜ਼ ਤਿਰੰਗੇ ‘ਚ ਲਿਪਟੀਆਂ ਪੰਜਾਬ ਦੇ ਪੁੱਤਰਾਂ ਦੀਆਂ ਲਾਸ਼ਾਂ ਘਰ ਘਰ ਆਉਂਦੀਆਂ ਹਨ। ਅਜਿਹੇ ਵਿੱਚ ਭਾਜਪਾ ਨੂੰ ਪੰਜਾਬ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ।